ਸ਼ਰਾਬ ਦੇ ਠੇਕੇ ’ਤੇ ਲੁੱਟ ਖੋਹ ਦੇ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ’ਚ ਮਾਮਲਾ 27 ਜੁਲਾਈ ਨੂੰ ਦਰਜ ਹੋਇਆ ਸੀ। ਪੁਤਲੀਘਰ ਚੌਕ ਸਥਿਤ ਸ਼ਰਾਬ ਦੇ ਠੇਕੇ ’ਤੇ ਲੁੱਟ-ਖੋਹ ਕੀਤੀ ਗਈ ਸੀ। ਇਸ ਸਬੰਧ ਵਿੱਚ ਸ਼ਿਕਾਇਤਕਰਤਾ ਸੰਜੀਵ ਜੋਸ਼ੀ ਨੇ ਪੁਲੀਸ ਕੋਲ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਪੁਤਲੀ ਘਰ ਚੌਕ ਨੇੜੇ ਠੇਕੇ ’ਤੇ ਨੌਕਰੀ ਕਰਦਾ ਹੈ। ਰਾਤ ਲਗਭਗ 10 ਵਜੇ ਤੋਂ ਬਾਅਦ ਉਹ ਅਤੇ ਉਸ ਦਾ ਇੱਕ ਸਾਥੀ ਸ਼ਰਨ ਜੋਤ ਠੇਕੇ ’ਤੇ ਹਾਜ਼ਰ ਸਨ। ਇਸ ਦੌਰਾਨ ਤਿੰਨ ਨੌਜਵਾਨ ਆਏ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ। ਉਨ੍ਹਾਂ ਨੇ ਠੇਕੇ ’ਤੇ ਆਉਣ ਮਗਰੋਂ ਪਿਸਤੌਲ ਨਾਲ ਫਾਇਰ ਕੀਤਾ ਅਤੇ ਪਿਸਤੌਲ ਦਿਖਾ ਕੇ ਉਨ੍ਹਾਂ ਕੋਲੋਂ ਲਗਭਗ 16 ਤੋਂ 17 ਹਜ਼ਾਰ ਰੁਪਏ ਦੀ ਨਕਦੀ ਜੋ ਠੇਕੇ ਦੀ ਸੇਲ ਸੀ, ਖੋਹ ਲਈ।
ਇਸ ਸਬੰਧੀ ਪੁਲੀਸ ਕਮਿਸ਼ਨਰ ਨੇ ਡੀਸੀਪੀ ਰਵਿੰਦਰ ਪਾਲ ਸਿੰਘ ਅਤੇ ਏਡੀਸੀਪੀ ਹਰਪਾਲ ਸਿੰਘ ਦੀ ਅਗਵਾਈ ਹੇਠ ਜਾਂਚ ਟੀਮ ਬਣਾਈ ਸੀ। ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਤਕਨੀਕੀ ਢੰਗ ਨਾਲ ਇਸ ਮਾਮਲੇ ਨੂੰ ਟਰੇਸ ਕੀਤਾ ਅਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਵਾਰਦਾਤ ਵੇਲੇ ਵਰਤਿਆ ਗਿਆ 32 ਬੋਰ ਦਾ ਪਿਸਤੌਲ, ਮੈਗਜ਼ੀਨ ਅਤੇ ਦੋ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਸਕੂਟਰ, ਮੋਬਾਈਲ ਫੋਨ ਅਤੇ ਖੋਹ ਕੀਤੀ ਗਈ ਰਕਮ ਵਿੱਚੋਂ 1000 ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛ ਪੜਤਾਲ ਵਾਸਤੇ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਮੁਲਜ਼ਮਾਂ ਨੇ ਥਾਣਾ ਰਣਜੀਤ ਐਵੇਨਿਊ, ਥਾਣਾ ਸਿਵਲ ਲਾਈਨ, ਥਾਣਾ ਮਕਬੂਲਪੁਰਾ, ਥਾਣਾ ਗੇਟ ਹਕੀਮਾਂ ਵਿੱਚ ਖੋਹ ਕਰਨ ਦੀਆਂ ਵਾਰਦਾਤਾਂ ਬਾਰੇ ਪੁਲੀਸ ਕੋਲ ਇੰਕਸ਼ਾਫ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਸ਼ਨੂ ਦੀ ਉਮਰ ਲਗਭਗ 29 ਸਾਲ ਦਾ ਹੈ ਅਤੇ ਉਸ ਦੇ ਖ਼ਿਲਾਫ਼ ਦੋ ਕੇਸ ਦਰਜ ਹਨ ਜਦੋਂ ਕਿ ਰਿਤਿਕ ਕੁਮਾਰ ਉਰਫ ਕਾਲਾ ਲਗਭਗ 25 ਸਾਲਾਂ ਦਾ ਹੈ ਅਤੇ ਉਸਦੇ ਖ਼ਿਲਾਫ਼ ਚਾਰ ਮੁਕੱਦਮੇ ਦਰਜ ਹਨ। ਪਾਰਸ 21 ਸਾਲਾਂ ਦਾ ਹੈ ਪਰ ਉਸ ਦੇ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੈ।