ਫਿਲਮ ‘ਹਿੰਦ ਦੀ ਚਾਦਰ’ ਦੀ 21 ਨਵੰਬਰ ਦੀ ਰਿਲੀਜ਼ ਰੁਕੀ
ਫਿਲਮ ‘ਹਿੰਦ ਦੀ ਚਾਦਰ-ਗੁਰੂ ਲਾਧੋ ਰੇ’ ਦੇ ਵਿਵਾਦ ਦੇ ਚਲਦਿਆਂ ਫਿਲਮ ਦੇ ਪ੍ਰਬੰਧਕਾਂ ਵੱਲੋਂ ਭਲਕੇ 21 ਨਵੰਬਰ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫਿਲਮ ਬਵੇਜਾ ਸਟੂਡੀਓ ਵੱਲੋਂ ਬਣਾਈ ਗਈ ਹੈ, ਜੋ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸ਼ਤਾਬਦੀ ਮੌਕੇ ਰਿਲੀਜ਼ ਕੀਤੀ ਜਾ ਰਹੀ ਸੀ।
ਕੁਝ ਦਿਨ ਪਹਿਲਾਂ ਇਸ ਮਾਮਲੇ ਵਿੱਚ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇਸ ਫਿਲਮ ’ਤੇ ਰੋਕ ਲਾਈ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿੱਚ ਰਾਜ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਸ ਫਿਲਮ ਨੂੰ ਹਰ ਹੀਲੇ ਰੋਕਣ ਵਾਸਤੇ ਆਦੇਸ਼ ਦਿੱਤਾ ਗਿਆ ਸੀ।
ਇਸ ਮਾਮਲੇ ਵਿੱਚ ਅੱਜ ਬਵੇਜਾ ਸਟੂਡੀਓ ਅਤੇ ਟੀਮ ਵੱਲੋਂ ਸ੍ਰੀ ਅਕਾਲ ਤਖਤ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਉਨ੍ਹਾਂ ਇਹ ਜਾਣਕਾਰੀ ਸੋਸ਼ਲ ਮੀਡੀਆ ਮੰਚ ’ਤੇ ਵੀ ਅਪਡੇਟ ਕੀਤੀ ਹੈ। ਫਿਲਮ ਦੇ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਫਿਲਮ ਨੂੰ ਭਲਕੇ 21 ਨਵੰਬਰ ਨੂੰ ਰਿਲੀਜ਼ ਹੋਣ ਤੋਂ ਫਿਲਹਾਲ ਰੋਕ ਦਿੱਤਾ ਗਿਆ ਹੈ।
ਦੂਜੇ ਪਾਸੇ ਸ੍ਰੀ ਅਕਾਲ ਤਖਤ ਵਿਖੇ ਭੇਜੇ ਪੱਤਰ ਵਿੱਚ ਪ੍ਰਬੰਧਕ ਬਵੇਜਾ ਸਟੂਡੀਓ ਵੱਲੋਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਖਿਆ ਗਿਆ ਹੈ ਕਿ ਇਸ ਫਿਲਮ ਦੀਆਂ ਖਾਮੀਆਂ ਦੱਸਣ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਵੱਲੋਂ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਇਸ ਫਿਲਮ ਨੂੰ ਰੋਕਣ ਲਈ ਆਖਿਆ ਗਿਆ ਸੀ। ਰਿਪੋਰਟ ਵਿੱਚ ਇਸ ਫਿਲਮ ਵਿੱਚ ਕਈ ਖਾਮੀਆਂ ਹੋਣ ਬਾਰੇ ਸੰਕੇਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਅਕਾਲ ਤਖਤ ਅਤੇ ਧਰਮ ਪ੍ਰਚਾਰ ਕਮੇਟੀ ਦੋਵਾਂ ਵੱਲੋਂ ਹੀ ਗੁਰੂ ਸਾਹਿਬਾਨ ਅਤੇ ਗੁਰੂਆਂ ਦੇ ਪਰਿਵਾਰ ਸਬੰਧੀ ਕਿਸੇ ਵੀ ਰੂਪ ਵਿੱਚ ਫਿਲਮਾਂਕਣ ਕਰਨ ’ਤੇ ਰੋਕ ਲਾਈ ਗਈ ਹੈ।
ਬਵੇਜਾ ਸਟੂਡੀਓ ਵੱਲੋਂ ਇਸ ਤੋਂ ਪਹਿਲਾਂ ਚਾਰ ਸਾਹਿਬਜ਼ਾਦਿਆਂ ਬਾਰੇ ਐਨੀਮੇਸ਼ਨ ਰਾਹੀਂ ਇੱਕ ਫਿਲਮ ਬਣਾਈ ਗਈ ਸੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ।
