ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੇ ਕਿਵਾੜ ਸੰਗਤ ਵਾਸਤੇ ਬੰਦ
ਉੱਤਰਾਖੰਡ ਸਥਿਤ ਲਗਭਗ 15 ਹਜਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਅੱਜ ਸਮਾਪਤੀ ਮੌਕੇ ਦੁਪਿਹਰ ਵੇਲੇ ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਗਏ ਹਨ। ਇਸ ਦੌਰਾਨ ਖਾਲਸਾਈ ਪਰੰਪਰਾਵਾਂ ਦੇ ਅਨੁਸਾਰ ਸੀਤ ਕਾਲ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਸੁਖਾਸਨ ਵਾਲੇ ਅਸਥਾਨ ’ਤੇ ਸੁਸ਼ੋਭਤ ਕੀਤਾ ਗਿਆ ਹੈ।
ਅੱਜ ਯਾਤਰਾ ਦੇ ਸਮਾਪਤੀ ਸਮਾਗਮ ਵੇਲੇ ਗੁਰਦੁਆਰੇ ਦੇ ਆਲੇ ਦੁਆਲੇ ਵੱਡੇ ਪੱਧਰ ’ਤੇ ਪਈ ਬਰਫ ਦੇ ਬਾਵਜੂਦ ਸੰਗਤ ਦਾ ਉਤਸ਼ਾਹ ਦੇਖਣ ਯੋਗ ਸੀ। ਲਗਭਗ 2000 ਤੋਂ ਵੱਧ ਸ਼ਰਧਾਲੂ ਸਮਾਪਤੀ ਸਮਾਗਮ ਵਿੱਚ ਸ਼ਾਮਿਲ ਹੋਣ ਅਤੇ ਗੁਰਦੁਆਰਾ ਸਾਹਿਬ ਵਿਖੇ ਯਾਤਰਾ ਦੀ ਸਮਾਪਤੀ ਮੌਕੇ ਨਤਮਸਤਕ ਹੋਣ ਵਾਸਤੇ ਪੁੱਜੇ। ਇਸ ਸੰਬੰਧ ਵਿੱਚ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਦੇ ਜੱਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ।
ਗੁਰਦੁਆਰੇ ਦੇ ਗ੍ਰੰਥੀ ਸਿੰਘਾਂ ਵੱਲੋਂ ਯਾਤਰਾ ਸਮਾਪਤੀ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਸੰਬੋਧਨ ਕਰਦਿਆਂ ਯਾਤਰਾ ਦੀ ਸਫਲਤਾ ਵਾਸਤੇ ਸਹਿਯੋਗ ਦੇਣ ਵਾਲੇ ਸਰਕਾਰੀ ਅਤੇ ਗੈਰ ਸਰਕਾਰੀ ਸਮੁੱਚੇ ਤੰਤਰ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਧਾਨ ਵੱਲੋਂ ਖ਼ਾਸ ਤੌਰ ’ਤੇ ਭਾਰਤੀ ਫੌਜ ਦੀ 9 ਬ੍ਰਿਗੇਡ ਦੇ ਬ੍ਰਿਗੇਡੀਅਰ ਐਮਐਸ ਢਿੱਲੋ, 418 ਇੰਡੀਪੈਂਡੈਂਟ ਕੋਰ ਦੇ ਕਰਨਲ ਵਰਿੰਦਰ ਔਲਾ, ਪੁਲੀਸ ਅਧਿਕਾਰੀ ਵਿਨੋਦ ਰਾਵਤ, ਅਮਨਦੀਪ ਸਿੰਘ, ਐਸਡੀਆਰਐਫ ਦੇ ਰਵਿੰਦਰ ਪਟਵਾਲ ਤੇ ਹੋਰਨਾਂ ਨੂੰ ਸਿਰਪਾਓ ਦੇ ਕੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਵੇਂ ਇਸ ਵਾਰ ਵੱਧ ਚੜ ਕੇ ਉਤਸ਼ਾਹ ਨਾਲ ਗੁਰੂ ਘਰ ਨਤਮਸਤਕ ਹੋਣ ਪੁੱਜੇ ਹਨ, ਇਸੇ ਤਰ੍ਹਾਂ ਆਉਂਦੇ ਸਾਲ ਵੀ ਪੂਰੇ ਉਤਸ਼ਾਹ ਨਾਲ ਅਤੇ ਸ਼ਰਧਾ ਨਾਲ ਨਤਮਸਤਕ ਹੋਣ ਲਈ ਪੁੱਜਣ ਦਾ ਸੱਦਾ ਦਿੱਤਾ। ਉਨ੍ਹਾਂ ਸੰਗਤ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਗੁਰੂ ਘਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੌਕੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਇਸ ਸਾਲ ਲਗਭਗ 2 ਲੱਖ 76 ਹਜ਼ਾਰ ਤੋਂ ਵਧੇਰੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪੁੱਜੀ ਹੈ।
ਦੱਸਣ ਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਵੱਡੇ ਪੱਧਰ ’ਤੇ ਬਰਫ਼ ਪਈ ਹੈ। ਜਿਸ ਨਾਲ ਸਮੁੱਚਾ ਪਹਾੜੀ ਖੇਤਰ ਚਿੱਟੀ ਚਾਦਰ ਨਾਲ ਢਕਿਆ ਹੋਇਆ ਹੈ।