ਪੰਜਾਬ ਤੇ ਕੇਂਦਰ ਸਰਕਾਰ ’ਚ ਤਾਲਮੇਲ ਦੀ ਘਾਟ ਕਰਕੇ ਇੰਨਾ ਵੱਡਾ ਨੁਕਸਾਨ ਹੋਇਆ: ਬਘੇਲ
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੋ ਦਿਨਾ ਦੌਰਾ ਕਰਨ ਮਗਰੋਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਆਖਿਆ ਕਿ ਜੇਕਰ ਪੰਜਾਬ ਅਤੇ ਕੇਂਦਰ ਸਰਕਾਰ ਨੇ ਆਪਸੀ ਤਾਲਮੇਲ ਨਾਲ ਕੰਮ ਕੀਤਾ ਹੁੰਦਾ ਤਾਂ ਪੰਜਾਬ ਵਿੱਚ ਆਈ ਇਸ ਤ੍ਰਾਸਦੀ ਨਾਲ ਇੰਨਾ ਵੱਡਾ ਨੁਕਸਾਨ ਨਾ ਹੁੰਦਾ। ਉਨ੍ਹਾਂ ਕਿਹਾ ਕਿ ਉਹ ਇਸ ਦੌਰੇ ਸਬੰਧੀ ਸਮੁੱਚੀ ਰਿਪੋਰਟ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਦੇਣਗੇ।
ਬਘੇਲ ਨੇ ਅੱਜ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਪੀੜਤ ਲੋਕਾਂ ਨੂੰ ਮਿਲੇ ਹਨ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਤਰਨ ਤਾਰਨ ਤੇ ਹੋਰ ਪ੍ਰਭਾਵਿਤ ਜ਼ਿਲ੍ਹਿਆਂ ਦੇ ਇਲਾਕੇ ਦਾ ਦੌਰਾ ਕੀਤਾ ਹੈ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਭਗਵੰਤ ਪਾਲ ਸਿੰਘ ਸੱਚਰ, ਓਪੀ ਸੋਨੀ, ਹਰਪ੍ਰਤਾਪ ਸਿੰਘ ਅਜਨਾਲਾ ਤੇ ਹੋਰ ਹਾਜ਼ਰ ਸਨ।
ਸ੍ਰੀ ਬਘੇਲ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਦੋਵਾਂ ਸਰਕਾਰਾਂ ਚਾਹੁੰਦੀਆਂ ਅਤੇ ਦੋਵਾਂ ਵਿੱਚ ਆਪਸੀ ਤਾਲਮੇਲ ਹੁੰਦਾ ਤਾਂ ਇੰਨਾ ਵੱਡਾ ਨੁਕਸਾਨ ਨਾ ਹੁੰਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਦੋਵਾਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਕੋਲੋਂ ਬਦਲਾ ਲਿਆ ਹੈ। ਉਨ੍ਹਾਂ ਨੇ ਇਸ ਨੂੰ ਮਨੁੱਖੀ ਗਲਤੀਆਂ ਨਾਲ ਆਈ ਤ੍ਰਾਸਦੀ ਕਰਾਰ ਦਿੱਤਾ ਹੈ, ਜਿਸ ਨਾਲ ਪੰਜਾਬ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਕਾਂਗਰਸ ਪੰਜਾਬ ਵਿੱਚ ਆਏ ਇਨ੍ਹਾਂ ਹੜਾਂ ਦੀ ਜਾਂਚ ਅਤੇ ਇਸ ਲਈ ਕੌਣ ਦੋਸ਼ੀ ਹਨ, ਦੀ ਜਾਂਚ ਦੀ ਮੰਗ ਕਰੇਗੀ। ਉਨ੍ਹਾਂ ਆਖਿਆ ਕਿ ਇਸ ਦੀ ਜ਼ਿੰਮੇਵਾਰੀ ਸਰਕਾਰਾਂ ਨੂੰ ਲੈਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਮਾਜ ਸੇਵੀ ਜਥੇਬੰਦੀਆਂ ਤੇ ਹੋਰ ਲੋਕ ਤਾਂ ਸੇਵਾ ਕਰ ਰਹੇ ਹਨ, ਪਰ ਸਰਕਾਰ ਕਿਧਰੇ ਵੀ ਦਿਖਾਈ ਨਹੀਂ ਦੇ ਰਹੀ। ਲੋਕ ਦੇਰ ਰਾਤ ਤੱਕ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ, ਲੋਕਾਂ ਦੀ ਮਦਦ ਲਈ ਅਤੇ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਹੋਏ ਨੁਕਸਾਨ ਦੇ ਅੰਕੜੇ ਵੀ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਸਭ ਤੋਂ ਵੱਡਾ ਨੁਕਸਾਨ ਫਸਲਾਂ ਦਾ ਹੋਇਆ ਹੈ, ਫਸਲਾਂ ਪੱਕ ਕੇ ਤਿਆਰ ਹੋ ਚੁੱਕੀਆਂ ਸਨ ਅਤੇ ਉਨਾਂ ਦੀ ਵਾਢੀ ਹੀ ਬਾਕੀ ਸੀ। ਇਸ ਤੋਂ ਇਲਾਵਾ ਮਨੁੱਖੀ ਜਾਨਾਂ, ਸੰਪਤੀ ਤੇ ਪਸ਼ੂਧਨ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਮੁੱਚੀ ਕਾਂਗਰਸ ਪੀੜਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਤੇ ਸਮੁੱਚੀ ਲੀਡਰਸ਼ਿਪ ਪੀੜਤ ਲੋਕਾਂ ਵਾਸਤੇ ਰਾਹਤ ਸਮੱਗਰੀ ਮੁਹੱਈਆ ਕਰਨ ਦਾ ਕੰਮ ਕਰ ਰਹੀ ਹੈ। ਪੀੜਤ ਲੋਕਾਂ ਦੀ ਮਦਦ ਵਾਸਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਕਾਰਨ ਸੂਬੇ ਵਿੱਚ ਕਰੀਬ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਗਿਆ ਹੈ।