ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ। ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਆਈ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਸਬੰਧੀ ਵਿਸਥਾਰ ਰੂਪ ਵਿੱਚ ਚਾਨਣਾ ਪਾਇਆ ਗਿਆ।
ਇਸ ਮੌਕੇ ਸ੍ਰੀ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਰੇ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਪ੍ਰੰਤੂ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਹਨ, ਇਸ ਲਈ ਸੂਬਾ ਸਰਕਾਰ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਇੱਕ ਵੱਖਰਾ ਕਾਨੂੰਨ ਬਣਾਵੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਬਣਾਏ ਜਾਣ ਵਾਲੇ ਕਾਨੂੰਨ ਸਬੰਧੀ ਸੂਬਾ ਸਰਕਾਰ ਨੂੰ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਸੂਬਾ ਸਰਕਾਰ ਦੀ ਮਨਸ਼ਾ ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਬੇਅਦਬੀਆਂ ਤੇ ਕਾਨੂੰਨ ਬਣਾਉਣ ਦੀ ਗੱਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੀ ਉਹ ਪ੍ਰਸ਼ੰਸ਼ਾ ਕਰਦੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੋਈਆਂ ਬੇਅਦਬੀਆਂ ਦੇ ਕਥਿਤ ਦੋਸ਼ੀ ਅੱਜ ਖੁੱਲੇ ਆਮ ਬਾਹਰ ਘੁੰਮ ਰਹੇ ਹਨ।
ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੋਸ਼ੀਆਂ ਤੇ ਬਣਦੀਆਂ ਸਖ਼ਤ ਧਾਰਾਵਾਂ ਦੇ ਤਹਿਤ ਕਾਰਵਾਈ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿਖੇ ਪਵਿੱਤਰ ਸ੍ਰੀ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮੁੱਖ ਦੋਸ਼ੀ ਨੂੰ ਸਜ਼ਾ ਨਾ ਮਿਲਣਾ ਬੇਅਦਬੀਆਂ ਦੇ ਮੁੱਦੇ ਤੇ ਸਰਕਾਰ ਦੀ ਨਲਾਇਕੀ ਹੈ। ਸ੍ਰੀ ਦਰਬਾਰ ਸਾਹਿਬ ਨੂੰ ਵਾਰ-ਵਾਰ ਈਮੇਲ ਰਾਹੀਂ ਭੇਜੀਆਂ ਜਾ ਰਹੀਆਂ ਧਮਕੀਆਂ ਬਾਰੇ ਬੋਲਦਿਆਂ ਸ੍ਰੀ ਗੜਗੱਜ ਨੇ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਤੁਰੰਤ ਧਮਕੀਆਂ ਭੇਜਣ ਵਾਲੇ ਨੂੰ ਫੜ੍ਹ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਜਲਦ ਇਸ ਘਟਨਾ ਦੇ ਸਾਜਿਸ਼ ਘਾੜਿਆਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਵੇ ਤੇ ਇਸ ਮਾਮਲੇ ਦੀ ਗੰਭੀਰਤਾ ਤੇ ਡੁੰਘਾਈ ਨਾਲ ਜਾਂਚ ਕੀਤੀ ਜਾਵੇ।