ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਭਲਕ ਤੋਂ ਦੋ ਦਿਨਾਂ ਲਈ ਬੰਦ
ਉੱਤਰਾਖੰਡ ਵਿਚ ਲਗਾਤਾਰ ਪੈ ਰਹੇ ਮੀਂਹ ਤੇ ਅਗਲੇ ਦਿਨਾਂ ਵਿਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨ 13 ਅਤੇ 14 ਅਗਸਤ ਲਈ ਰੋਕ ਦਿੱਤੀ ਗਈ ਹੈ। ਭਾਰੀ ਮੀਂਹ ਦੀ ਸੰਭਾਵਨਾ ਕਰਕੇ ਸੂਬੇ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਅਗਲੇ ਕੁਝ ਦਿਨ ਲਗਾਤਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਕਾਰਨ ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬਦਰੀਨਾਥ ਮਾਰਗ ਨੂੰ ਦੋ ਦਿਨਾਂ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਲਿਹਾਜ਼ਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੂਆਂ ਨੂੰ ਗੁਰਦੁਆਰਾ ਰਿਸ਼ੀਕੇਸ਼ ਵਿਖੇ ਹੀ ਇਸ ਸਬੰਧੀ ਸੂਚਨਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਗੁਰਦੁਆਰਾ ਰਿਸ਼ੀਕੇਸ਼ ਵਿਖੇ ਰੁਕਣ ਲਈ ਆਖਿਆ ਗਿਆ ਹੈ।
ਚੇਤੇ ਰਹੇ ਕਿ ਸੂਬੇ ਵਿੱਚ ਵਧੇਰੇ ਮੀਂਹ ਅਤੇ ਥਾਂ ਥਾਂ ’ਤੇ ਢਿੱਗਾਂ ਡਿੱਗਣ ਕਰਕੇ ਕਈ ਥਾਵਾਂ ’ਤੇ ਸੜਕਾਂ ਬੰਦ ਹੋ ਗਈਆਂ ਹਨ ਅਤੇ ਨਦੀਆਂ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਦੇ ਚਲਦਿਆਂ ਕੇਦਾਰਨਾਥ ਯਾਤਰਾ ’ਤੇ ਵੀ ਰੋਕ ਲਾਈ ਗਈ ਹੈ। ਹਾਲ ਹੀ ਵਿੱਚ ਧਰਾਲੀ ਅਤੇ ਹਰਸ਼ਿਲ ਵਿਖੇ ਵੀ ਬੱਦਲ ਫਟਣ ਕਾਰਨ ਵਧੇਰੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ।
ਟਰੱਸਟ ਮੁਖੀ ਨੇ ਦੱਸਿਆ ਕਿ ਦੋ ਦਿਨ ਬਾਅਦ 15 ਅਗਸਤ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ ਹੋ ਜਾਵੇਗੀ। ਐਤਕੀਂ ਹੁਣ ਤੱਕ ਕਰੀਬ ਢਾਈ ਲੱਖ ਯਾਤਰੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ।