ਪੰਜਾਬ ’ਚ ਹੜ੍ਹ ਰਾਹਤ ਸੇਵਾਵਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੈੱਬਸਾਈਟ ਜਾਰੀ
ਉਨ੍ਹਾਂ ਪੰਜਾਬ ਅੰਦਰ ਸੇਵਾ ਤੇ ਰਾਹਤ ਕਾਰਜ ਕਰ ਰਹੀਆਂ ਸਮੂਹ ਜਥੇਬੰਦੀਆਂ, ਸੰਸਥਾਵਾਂ, ਸ਼ਖ਼ਸੀਅਤਾਂ ਤੇ ਸਮੂਹਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈੱਬਸਾਈਟ ’ਤੇ ਆਪਣੀ ਜਥੇਬੰਦੀ ਤੇ ਸੇਵਾਵਾਂ ਸਬੰਧੀ ਵੇਰਵਿਆਂ ਨੂੰ ਰਜਿਸਟਰ ਕਰਨ ਤਾਂ ਜੋ ਨੀਤੀਗਤ ਢੰਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਵੱਲੋਂ ਚਲਾਇਆ ਹੋਇਆ ਖ਼ਾਲਸਾ ਪੰਥ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਅਤੇ ਇਸੇ ਤੋਂ ਪ੍ਰੇਰਿਤ ਹੋ ਕੇ ਸਿੱਖ ਜਾਂ ਸਿੱਖ ਸੰਸਥਾਵਾਂ ਹਮੇਸ਼ਾ ਹੀ ਕੁਦਰਤੀ ਆਫ਼ਤ ਜਾਂ ਹੋਰ ਸਮੱਸਿਆ ਤੋਂ ਜੂਝਦੇ ਲੋਕਾਂ ਦੀ ਬਿਨਾਂ ਕਿਸੇ ਵਿਤਕਰੇ ਤੋਂ ਮਦਦ ਕਰਦੀਆਂ ਹਨ।
ਜਥੇਦਾਰ ਨੇ ਕਿਹਾ ਕਿ ਬੀਤੇ ਦਿਨੀਂ ਜੋ ਪੰਜਾਬ ਅੰਦਰ ਹੜ੍ਹਾਂ ਦੀ ਗੰਭੀਰ ਮਾਰ ਪਈ ਹੈ, ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਉਪਰੰਤ ਕਈ ਸਿੱਖਾਂ ਤੇ ਸਿੱਖ ਸੰਸਥਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕੀਤੀ ਕਿ ਸੰਸਥਾਵਾਂ ਰਾਹਤ ਸੇਵਾਵਾਂ ਤਾਂ ਕਰ ਰਹੀਆਂ ਹਨ ਪਰ ਇਨ੍ਹਾਂ ਦਾ ਆਪਸੀ ਤਾਲਮੇਲ ਤੇ ਪਾਰਦਰਸ਼ਤਾ ਹੋਣੀ ਜ਼ਰੂਰੀ ਹੈ ਤਾਂ ਜੋ ਦਸਵੰਧ ਵਿਅਰਥ ਨਾਲ ਜਾਵੇ ਅਤੇ ਪ੍ਰਭਾਵਿਤ ਤੇ ਲੋੜਵੰਦ ਲੋਕਾਂ ਤੱਕ ਮਦਦ ਪਹੁੰਚੇ। ਇਸ ਸਬੰਧੀ ਸੇਵਾ ਕਰ ਰਹੀਆਂ ਸਮੂਹ ਸੰਸਥਾਵਾਂ, ਸ਼ਖ਼ਸੀਅਤਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 13 ਸਤੰਬਰ ਨੂੰ ਮੀਟਿੰਗ ਕੀਤੀ ਗਈ ਸੀ ਅਤੇ ਸੁਝਾਅ ਲਏ ਗਏ ਸਨ, ਜਿਸ ਤੋਂ ਬਾਅਦ ਇਹ ਵੈੱਬਸਾਈਟ ਤਿਆਰ ਕਰਨ ਦਾ ਫ਼ੈਸਲਾ ਲਿਆ ਗਿਆ ਸੀ।
ਜਥੇਦਾਰ ਨੇ ਕਿਹਾ ਕਿ ਸਰਕਾਰ-ਏ-ਖ਼ਾਲਸਾ ਵੈੱਬਸਾਈਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਖ਼ਾਲਸਾ ਪੰਥ ਵੱਲੋਂ ਕੀਤਾ ਗਿਆ ਇੱਕ ਉਪਰਾਲਾ ਹੈ। ਜਿਸ ਰਾਹੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਨੂੰ ਸਾਕਾਰ ਕਰਦਿਆਂ ਰਾਹਤ ਸੇਵਾਵਾਂ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਨੂੰ ਸੰਗਠਤ ਕਰਕੇ ਤੇ ਇਨ੍ਹਾਂ ਦੇ ਤਾਲਮੇਲ ਰਾਹੀਂ ਦਸਵੰਧ ਨੂੰ ਸਾਰਥਕ ਤੇ ਢੁੱਕਵੇਂ ਰੂਪ ਵਿੱਚ ਲਗਾਉਣ ਤੇ ਕੌਮ ਅਤੇ ਮਨੁੱਖਤਾ ਦੇ ਭਵਿੱਖ ਲਈ ਲੋੜੀਂਦੀਆਂ ਸੇਵਾਵਾਂ ਲਈ ਵਰਤਣ ਦਾ ਇੱਕ ਯਤਨ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ’ਤੇ ਇਸ ਮੰਚ ਰਾਹੀਂ ਕੁੱਲ ਛੇ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਕਾਰਜ ਕੀਤੇ ਜਾਣਗੇ, ਜਿਨ੍ਹਾਂ ਵਿੱਚ ਖੇਤ ਪੱਧਰ ਕਰਨਾ, ਘਰਾਂ ਦੀ ਸੇਵਾ, ਪਸ਼ੂ ਧਨ ਦੀ ਸੇਵਾ, ਸਿਹਤ ਸੇਵਾ, ਸਿੱਖਿਆ ਸੇਵਾ ਅਤੇ ਹੋਰ ਸੇਵਾਵਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸੰਸਥਾਵਾਂ ਵੱਲੋਂ ਇਸ ਮੰਚ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਉਮੀਦ ਹੈ ਕਿ ਇਸ ਰਾਹੀਂ ਹੜ੍ਹ ਪ੍ਰਭਾਵਿਤਾਂ ਲਈ ਪ੍ਰਭਾਵਸ਼ਾਲੀ ਰਾਹਤ ਤੇ ਮੁੜ ਵਸੇਬੇ ਦੇ ਕਾਰਜ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕੋਈ ਵੀ ਮਾਈ ਭਾਈ ਭਾਵੇਂ ਕਿਸੇ ਵੀ ਧਰਮ ਤੋਂ ਹੋਵੇ ਇਸ ਵੈੱਬਸਾਈਟ ਉੱਤੇ ਰਜਿਸਟਰ ਕਰਕੇ ਮਦਦ ਦੀ ਲੋੜ ਬਾਰੇ ਜਾਂ ਜੋ ਸੇਵਾ ਕਰ ਸਕਦਾ ਹੋਵੇ, ਆਪਣੀ ਜਾਣਕਾਰੀ ਮਹੁੱਈਆ ਕਰਵਾ ਸਕਦਾ ਹੈ। ਇੱਕ ਵਾਰ ਜਾਣਕਾਰੀ ਰਜਿਸਟਰ ਹੋਣ ਉਪਰੰਤ ਉਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਯੁਕਤ ਸੇਵਾਦਾਰ ਵਾਲੰਟੀਅਰਾਂ ਵੱਲੋਂ ਤਸਦੀਕ ਕੀਤੀ ਜਾਵੇਗੀ ਅਤੇ ਸਹੀ ਹੋਣ ਉਪਰੰਤ ਸੇਵਾ ਕਰਨ ਵਾਲੀ ਸੰਸਥਾ ਨੂੰ ਕਾਰਜ ਸੌਂਪ ਦਿੱਤਾ ਜਾਵੇਗਾ।