ਸਰਹੱਦ ਪਾਰੋਂ ਤਸਕਰੀ; ਹਥਿਆਰਾਂ ਸਣੇ 3 ਕਾਬੂ
Smuggling across the border: ਦੀਵਾਲੀ ਦੇ ਤਿਉਹਾਰ ਤੋ ਪਹਿਲਾ ਸਰਹੱਦੀ ਖੇਤਰ ਵਿੱਚੋ ਲਗਾਤਾਰ ਹਥਿਆਰਾਂ ਦੀ ਖੇਪਾਂ ਮਿਲ ਰਹੀਆ ਹਨ। ਅੱਜ ਵੀ ਇੱਕ ਵੱਡੀ ਖੁਫ਼ੀਆ ਜਾਣਕਾਰੀ ਅਧਾਰਤ ਕਾਰਵਾਈ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਸੰਗਠਿਤ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ। ਇਸ ਤਹਿਤ 3 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕੋਲੋ 500 ਗ੍ਰਾਮ ਅਫ਼ੀਮ ਦੇ ਨਾਲ 10 ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ’ਤੇ ਖੁਲਾਸਾ ਕਰਦਿਆ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜਮ ਅੰਤਰ-ਜ਼ਿਲ੍ਹਾ ਤਸਕਰੀ ਗਿਰੋਹ ਚਲਾ ਰਹੇ ਸਨ ਅਤੇ ਇੱਕ ਪਾਕਿਸਤਾਨ ਅਧਾਰਤ ਹੈਂਡਲਰ ਨਾਲ ਸੰਪਰਕ ਵਿਚ ਸਨ।
ਬਰਾਮਦ ਕੀਤੇ ਗਏ ਹਥਿਆਰ ਪੰਜਾਬ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਵਧਾਉਣ ਲਈ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਸਪਲਾਈ ਕੀਤੇ ਜਾਣੇ ਸਨ।
ਇਸ ਸਬੰਧ ਵਿਚ ਥਾਣਾ ਸਦਰ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਹੈ। ਉਨ੍ਹਾਂ ਦਸਿਆ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸਨੂੰ ਖ਼ਤਮ ਕਰਨ ਲਈ ਹੋਰ ਜਾਂਚ ਜਾਰੀ ਹੈ।
ਦੱਸਣ ਯੋਗ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਤਿੰਨ AK47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਬੀਤੇ ਕੱਲ 9 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।