ਆਧੁਨਿਕ ਪਿਸਤੌਲਾਂ ਸਣੇ ਛੇ ਕਾਬੂ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪਾਕਿਸਤਾਨ ਵੱਲੋਂ ਸੰਚਾਲਿਤ ਹਥਿਆਰ ਤਸਕਰੀ ਮਾਮਲੇ ਵਿੱਚ ਛੇ ਕਾਰਕੁਨਾਂ ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਵੀ ਹੈ, ਨੂੰ ਛੇ ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨ ਤਾਰਨ ਦੇ ਪਿੰਡ ਕੋਟਲੀ ਵਸਾਵਾ ਸਿੰਘ ਦੇ ਰਹਿਣ ਵਾਲੇ ਗੁਰਬੀਰ ਸਿੰਘ ਉਰਫ਼ ਸੋਨੂੰ (28), ਗੁਰਪ੍ਰੀਤ ਸਿੰਘ ਉਰਫ਼ ਗੋਪਾ (32), ਗੋਰਕਾ ਸਿੰਘ ਉਰਫ਼ ਗੋਰਾ, ਰਾਜਵਿੰਦਰ ਸਿੰਘ ਉਰਫ਼ ਰਾਜੂ ਤਿੰਨੇ ਵਾਸੀ ਖੇਮਕਰਨ (ਤਰਨ ਤਾਰਨ), ਜਸਪਾਲ ਸਿੰਘ ਉਰਫ਼ ਜੱਸ (24) ਵਾਸੀ ਬਚੀਵਿੰਡ (ਅੰਮ੍ਰਿਤਸਰ) ਅਤੇ ਸੁਲਤਾਨਪੁਰ ਲੋਧੀ ਦੇ 16 ਸਾਲਾ ਨਾਬਾਲਗ ਵਜੋਂ ਹੋਈ ਹੈ। ਇਨ੍ਹਾਂ ਪਿਸਤੌਲਾਂ ਵਿੱਚ ਪੰਜ .30 ਬੋਰ ਪਿਸਤੌਲ ਅਤੇ ਇੱਕ 9 ਐਮਐਮ ਪੀਐਕਸ-5 ਪਿਸਤੌਲ ਸ਼ਾਮਲ ਹਨ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਇੱਕ ਹੈਂਡਲਰ ਦੇ ਸਿੱਧੇ ਸੰਪਰਕ ਵਿੱਚ ਸਨ। ਉਨ੍ਹਾਂ ਕਿਹਾ ਕਿ ਸੰਗਠਿਤ ਗਰੋਹ ਵੱਲੋਂ ਹਥਿਆਰਾਂ ਦੀਆਂ ਇਹ ਖੇਪਾਂ ਅੱਗੇ ਮਾਝਾ-ਦੋਆਬਾ ਖੇਤਰਾਂ ਵਿੱਚ ਸਰਗਰਮ ਅਪਰਾਧੀਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ। ਪੁਲੀਸ ਵਲੋ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਸਟੇਸ਼ਨ ਛਾਉਣੀ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25(6,7,8) ਤਹਿਤ ਕੇਸ ਦਰਜ ਕੀਤਾ ਗਿਆ ਹੈ।
