ਨਾਜਾਇਜ਼ ਸ਼ਰਾਬ ਦੇ ਧੰਦੇ ’ਚ ਸ਼ਾਮਲ ਛੇ ਮੁਲਜ਼ਮ ਗ੍ਰਿਫ਼ਤਾਰ
ਜ਼ਿਲ੍ਹੇ ਅੰਦਰ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਦੇ ਦੋਸ਼ ਹੇਠ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਸ਼ਰਾਬ ਤੇ ਲਾਹਣ ਬਰਾਮਦ ਕੀਤੀ| ਪੁਲੀਸ ਨੇ ਅੱਜ ਦੱਸਿਆ ਕਿ ਵੈਰੋਵਾਲ ਪੁਲੀਸ ਨੇ ਪਿੰਡ ਗਗੜੇਵਾਲ ਦੇ ਦਰਿਆ ਦੇ ਕਿਰਾਨਿਓਂ ਝਾੜੀਆਂ ਵਿੱਚ ਕੇਨਾਂ ਵਿੱਚ ਲਾਵਾਰਸ ਰੱਖੀ 800 ਲੀਟਰ ਲਾਹਣ ਬਰਾਮਦ ਕੀਤੀ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ| ਥਾਣਾ ਪੱਟੀ ਸਦਰ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਬੁਰਜ ਨੱਥੂ-ਕੇ ਟੋਡਾ ਵਾਸੀ ਸਤਿੰਦਰ ਸਿੰਘ ਦੇ ਘਰੋਂ 40 ਲੀਟਰ ਲਾਹਣ ਬਰਾਮਦ ਕੀਤੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ| ਇਸੇ ਤਰ੍ਹਾਂ ਥਾਣਾ ਝਬਾਲ ਦੀ ਪੁਲੀਸ ਨੇ ਪੱਕਾ ਕਿਲ੍ਹਾ ਝਬਾਲ ਦੇ ਵਾਸੀ ਸੁਖਵਿੰਦਰ ਸਿੰਘ ਰਾਜੂ ਨੂੰ 33750 ਐਮ ਐਲ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਜਦਕਿ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਪੰਡੋਰੀ ਗੋਲਾ ਦੇ ਵਾਸੀ ਰੋਹਿਤ ਤੋਂ 11270 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ| ਇਸ ਤੋਂ ਇਲਾਵਾ ਚੋਹਲਾ ਸਾਹਿਬ ਦੀ ਪੁਲੀਸ ਨੇ ਪਿੰਡ ਜੌਨੇਕੇ ਦੇ ਵਾਸੀ ਬਲਜਿੰਦਰ ਸਿੰਘ ਤੋਂ 6750 ਐਮ ਐਲ, ਥਾਣਾ ਕੱਚਾ ਪੱਕਾ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਭੈਣੀ ਗੁਰਮੁੱਖ ਸਿੰਘ ਦੇ ਵਾਸੀ ਸੁਖਦੇਵ ਸਿੰਘ ਤੋਂ 5250 ਐਮ ਐਲ ਅਤੇ ਖੇਮਕਰਨ ਦੀ ਪੁਲੀਸ ਨੇ ਪਿੰਡ ਗਜ਼ਲ ਦੇ ਵਾਸੀ ਕਰਨਪ੍ਰੀਤ ਸਿੰਘ ਤੋਂ ਵੀ 6750 ਐਮ. ਐਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ| ਸਬੰਧਤ ਥਾਣਾ ਦੀ ਪੁਲੀਸ ਨੇ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਕੇਸ ਦਰਜ ਕੀਤੇ ਹਨ|