ਏਆਈ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਇਤਰਾਜ਼ਯੋਗ ਵੀਡੀਓ ਬਣਾਏ ਜਾਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ
ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਮੁੜ ਗ਼ਲਤ ਅਤੇ ਇਤਰਾਜ਼ਯੋਗ ਵੀਡੀਓ ਬਣਾਈ ਗਈ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਕੀਤੀ ਗਈ ਹੈ। ਅਜਿਹੇ ਮਾਮਲੇ ਸਿੱਖ ਸੰਸਥਾ ਵਾਸਤੇ ਵੱਡੀ ਪ੍ਰੇਸ਼ਾਨੀ ਅਤੇ ਚਿੰਤਾ ਦਾ ਸਬਬ ਹਨ। ਇਸ ਵੀਡੀਓ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ ਅਜਿਹੇ ਵਰਤਾਰੇ ’ਤੇ ਸਰਕਾਰਾਂ ਤੋਂ ਤੁਰੰਤ ਰੋਕ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ ਨੂੰ ਵਿਚਾਰਨ ਵਾਸਤੇ ਮਾਹਰਾਂ ਦੀ ਮੀਟਿੰਗ ਵੀ ਸੱਦਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਵਾਰ ਵਾਇਰਲ ਹੋਈ ਵੀਡੀਓ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੰਗਲੀ ਜਾਨਵਰ ਦਿਖਾਏ ਗਏ ਹਨ ਅਤੇ ਇਹ ਮਾਮਲਾ ਸਿੱਧੇ ਤੌਰ ’ਤੇ ਗੁਰੂਧਾਮ ਦੀ ਬੇਅਦਬੀ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਹੁੰਦਾ ਦਿਖਾਇਆ ਗਿਆ ਸੀ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਚ ਧਮਾਕਾਖੇਜ਼ ਸਮੱਗਰੀ ਰੱਖਣ ਦੀਆਂ ਧਮਕੀਆਂ ਵਾਲੀਆਂ ਈਮੇਲ ਵੀ ਆਈਆਂ ਸਨ ਪਰ ਇਹ ਸਾਰੇ ਮਾਮਲਿਆਂ ਵਿਚ ਹੁਣ ਤਕ ਇਤਰਾਜ਼ਯੋਗ ਵੀਡੀਓ ਅਤੇ ਧਮਕੀ ਭਰੇ ਈਮੇਲ ਦਾ ਸਰੋਤ ਪਤਾ ਨਹੀਂ ਲਗ ਸਕਿਆ। ਪੁਲੀਸ ਦੀ ਹੁਣ ਤਕ ਦੀ ਜਾਂਚ ਵੀ ਮੁਕੰਮਲ ਨਹੀਂ ਹੋਈ।
ਇਸ ਸਬੰਧ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਏਆਈ ਤਕਨੀਕ ਨਾਲ ਤਿਆਰ ਅਜਿਹੀਆਂ ਵੀਡੀਓ ਨਾ ਸਿਰਫ਼ ਸਿੱਖੀ ਦੇ ਮੁੱਢਲੇ ਸਿਧਾਂਤਾਂ ਦਾ ਉਲੰਘਣ ਹੈ, ਸਗੋਂ ਵਿਸ਼ਵ ਪੱਧਰੀ ਧਾਰਮਿਕ ਸੰਵੇਦਨਸ਼ੀਲਤਾ ਨੂੰ ਵੀ ਠੇਸ ਪਹੁੰਚਾਉਣ ਵਾਲੀ ਹਰਕਤ ਹੈ। ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ, ਜਿਥੋਂ ਸਮੁੱਚੀ ਮਨੁੱਖਤਾ ਨੂੰ ਸਰਬਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਹੈ ਪ੍ਰੰਤੂ ਕੁਝ ਲੋਕਾਂ ਦੀ ਗਲਤ ਪਹੁੰਚ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀ ਹੈ।