ਪੰਜਾਬ ਦਾ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਚਾਹੀਦੈ: ਨਵਜੋਤ ਕੌਰ ਸਿੱਧੂ
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇਹ ਦੋਸ਼ ਲਗਾ ਕੇ ਪੰਜਾਬ ਵਿੱਚ ਸਿਆਸੀ ਤੂਫ਼ਾਨ ਮਚਾ ਦਿੱਤਾ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਨਾਲ ਭਰਿਆ ਸੂਟਕੇਸ ਦੇਣਾ ਪੈਂਦਾ ਹੈ ਜੋ ਉਨ੍ਹਾਂ ਦਾ ਪਤੀ ਨਹੀਂ ਦੇ ਸਕਦਾ। ਸਾਬਕਾ ਵਿਧਾਇਕ ਨੇ ਸ਼ਨਿਚਰਵਾਰ ਸ਼ਾਮ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਸੂਬੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਸਣੇ ਹੋਰ ਮੁੱਦਿਆਂ ’ਤੇ ਗੱਲਬਾਤ ਕੀਤੀ। ਹਾਲਾਂਕਿ ਉਨ੍ਹਾਂ ਨੇ ਇਹ ਟਿੱਪਣੀ ਕਰਦੇ ਵੇਲੇ ਕਿਸੇ ਪਾਰਟੀ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਨੇ ਖਾਸ ਤੌਰ ’ਤੇ ਕਿਹਾ ਕਿ ਸਿੱਧੂ ਸਰਗਰਮ ਰਾਜਨੀਤੀ ਵਿੱਚ ਤਾਂ ਹੀ ਵਾਪਸ ਆਉਣਗੇ ਜੇਕਰ ਉਨ੍ਹਾਂ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਾਇਆ ਜਾਂਦਾ ਹੈ।
ਨਵਜੋਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਬਹੁਤ ਜ਼ਿਆਦਾ ਗੁੱਟਬਾਜ਼ੀ ਹੈ ਤੇ ਇੱਥੇ ਕਈ ਜਣੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੋਣ ਲੜਨ ਲਈ ਇਕ ਦੂਜੇ ਨੂੰ ਨੀਚਾ ਦਿਖਾ ਰਹੇ ਹਨ। ਉਨ੍ਹਾਂ ਕਿਹਾ, ‘ਪਹਿਲਾਂ ਹੀ ਕਾਂਗਰਸ ਕੋਲ ਪੰਜ ਮੁੱਖ ਮੰਤਰੀ ਚਿਹਰੇ ਹਨ ਜੋ ਪਾਰਟੀ ਨੂੰ ਹਰਾਉਣ ਵਿੱਚ ਰੁੱਝੇ ਹੋਏ ਹਨ।’ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਕੋਈ ਪੈਸਾ ਨਹੀਂ ਹੈ, ਪਰ ਉਹ ਪੰਜਾਬ ਨੂੰ ਇੱਕ ਸੁਨਹਿਰੀ ਰਾਜ ਵਿੱਚ ਬਦਲ ਸਕਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਉਸ ਦੇ ਪਤੀ ਕਾਂਗਰਸ ਅਤੇ ਪਾਰਟੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ।
ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਵਿਵਾਦ ਵਿੱਚ ਫਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਪਾਰਟੀ ਹਾਈਕਮਾਂਡ ਦਾ ਕੰਮ ਹੈ।
ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਿੱਧੂ ਪਰਿਵਾਰ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਇੰਝ ਲੱਗਦਾ ਹੈ ਕਿ ਜਿਸ ਮਿਸ਼ਨ ਲਈ ਸਿੱਧੂ ਪਰਿਵਾਰ ਕਾਂਗਰਸ ਵਿੱਚ ਆਇਆ ਸੀ ਉਹ ਪੂਰਾ ਹੋ ਗਿਆ ਹੈ। ਕੀ ਉਹ ਸਾਨੂੰ ਦੱਸਣਗੇ ਕਿ ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਕਿੰਨਾ ਦਿੱਤਾ ਸੀ ਜੋ ਉਸ ਸਮੇਂ ਮੁੱਖ ਮੰਤਰੀ ਦੇ ਬਰਾਬਰ ਸਨ? ਜੇਕਰ ਅਸੀਂ ਉਨ੍ਹਾਂ ਦੇ ਪਿਛਲੇ ਪ੍ਰਦਰਸ਼ਨ ’ਤੇ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੈ ਕਿ ਉਹ ਵਿਰੋਧੀ ਧਿਰ ਵਲੋਂ ਤਿਆਰ ਕੀਤੀ ਗਈ ਸਕ੍ਰਿਪਟ ਅਨੁਸਾਰ ਹੀ ਬੋਲਦੇ ਸਨ, ਜਿਸ ਨਾਲ ਕਾਂਗਰਸ ਨੂੰ ਭਾਰੀ ਨੁਕਸਾਨ ਹੋਇਆ। ਹੁਣ ਉਹ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ।’ ਨਵਜੋਤ ਕੌਰ ਦੇ ਇਸ ਬਿਆਨ ਦੀ ‘ਆਪ’ ਤੇ ਭਾਜਪਾ ਨੇ ਨਿੰਦਾ ਕੀਤੀ ਹੈ।
