ਸੀਆਰਪੀਐੱਫ ਦੇ ਸੇਵਾ ਮੁਕਤ ਮੁਲਾਜ਼ਮ ਨੇ ਪਰਿਵਾਰਕ ਮੈਂਬਰਾਂ ’ਤੇ ਚਲਾਈ ਗੋਲੀ, ਪੁੱਤ ਹਲਾਕ
ਪਤਨੀ ਨਾਲ ਗੁਜ਼ਾਰੇ ਭੱਤੇ ਨੂੰ ਲੈ ਕੇ ਚੱਲ ਰਿਹਾ ਸੀ ਝਗੜਾ
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਜੁਲਾਈ
ਸਥਾਨਕ ਮਜੀਠਾ ਰੋਡ ’ਤੇ ਅੱਜ ਸਵੇਰੇ ਇੱਕ ਪਰਿਵਾਰਕ ਝਗੜੇ ਦੌਰਾਨ ਸੀਆਰਪੀਐੱਫ ਦੇ ਇੱਕ ਸੇਵਾ ਮੁਕਤ ਕਰਮਚਾਰੀ ਨੇ ਆਪਣੀ ਪਹਿਲੀ ਪਤਨੀ, ਪੁੱਤਰ ਅਤੇ ਨੂੰਹ ’ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਜ਼ਖ਼ਮੀ ਹੋਏ ਤਿੰਨਾਂ ਪਰਿਵਾਰਕ ਮੈਂਬਰਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Advertisement
ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਚਲਾਉਣ ਵਾਲੇ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ, ਜੋ ਕਿ ਸੀਆਰਪੀਐੱਫ ’ਚੋਂ ਅਸਿਸਟੈਂਟ ਕਮਾਂਡੈਂਟ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ। ਘਟਨਾ ਤੋਂ ਬਾਅਦ ਇਸ ਵਿਅਕਤੀ ਨੇ ਫਰਾਰ ਹੋਣ ਦਾ ਯਤਨ ਕੀਤਾ, ਪਰ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਏਸੀਪੀ ਸੈਂਟਰਲ ਰਿਸ਼ਭ ਨੇ ਦੱਸਿਆ ਕਿ ਸੀਆਰਪੀਐੱਫ ਵਿੱਚੋਂ ਸੇਵਾ ਮੁਕਤ ਹੋਏ ਇਸ ਕਰਮਚਾਰੀ ਦਾ ਆਪਣੇ ਪਹਿਲੀ ਪਤਨੀ ਅਤੇ ਪੁੱਤਰ ਨਾਲ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅੱਜ ਮੁੜ ਹੋਈ ਤਕਰਾਰ ਮੌਕੇ ਸੇਵਾ ਮੁਕਤ ਕਰਮਚਾਰੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ, ਪੁੱਤ ਅਤੇ ਨੂੰਹ ’ਤੇ ਗੋਲੀ ਚਲਾ ਦਿੱਤੀ।
ਜਾਣਕਾਰੀ ਅਨੁਸਾਰ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਤਰਸੇਮ ਸਿੰਘ ਦੇ ਪੁੱਤਰ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰ ਨੇ ਦਿੱਸਿਆ ਕਿ ਤਰਸੇਮ ਸਿੰਘ ਅਤੇ ਉਸ ਦੀ ਪਤਨੀ ਵਿਚਕਾਰ ਗੁਜ਼ਾਰਾ ਭੱਤੇ ਨੂੰ ਝਗੜਾ ਚੱਲ ਰਿਹਾ ਸੀ। ਕੁੱਝ ਦਿਨ ਪਹਿਲਾਂ ਵੀ ਉਸ (ਤਰਸੇਮ ਸਿੰਘ) ਨੇ ਆਪਣੀ ਪਤਨੀ ਦੀ ਮਾਰਕੁੱਟ ਕੀਤੀ ਅਤੇ ਇਸੇ ਮਾਮਲੇ ਨੂੰ ਲੈ ਕੇ ਉਹ ਥਾਣੇ ਪੁੱਜੇ ਸਨ। ਦੋਵਾਂ ਵਿਚਾਲੇ ਲੰਮੇ ਸਮੇਂ ਤੋਂ ਅਦਾਲਤੀ ਕੇਸ ਵੀ ਚੱਲ ਰਿਹਾ ਹੈ।
Advertisement