Punjab News - War Against Drugs: ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚ ਕੇ ਬਣਾਈਆਂ ਜਾਇਦਾਦਾਂ ਢਾਹੀਆਂ
ਸਰਕਾਰ ਦਾ ਸਪਸ਼ਟ ਸੁਨੇਹਾ ਕਿ ਨਸ਼ਾ ਤਸਕਰ ਜਾਂ ਤਾਂ ਇਹ ਗੈਰਕਾਨੂੰਨੀ ਕੰਮ ਛੱਡ ਜਾਣ ਜਾਂ ਪੰਜਾਬ ਛੱਡ ਦੇਣ: ਵਿਧਾਇਕਾ; ਮਿਉਂਸਿਪਲ ਕਾਰਪੋਰੇਸ਼ਨ ਨੇ ਦੋ-ਮੰਜ਼ਿਲਾ ਘਰ ਤੇ ਦੁਕਾਨਾਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਢਾਹਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਮਾਰਚ
Punjab News - War Against Drugs: ਅੰਮ੍ਰਿਤਸਰ ਮਿਉਂਸਿਪਲ ਕਾਰਪੋਰੇਸ਼ਨ ਨੇ ਪੰਜਾਬ ਪੁਲੀਸ ਦੀ ਸਹਾਇਤਾ ਨਾਲ ਅੱਜ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚ ਕੇ ਬਣਾਏ ਗਏ ਦੋ-ਮੰਜ਼ਿਲਾ ਘਰ ਤੇ ਦੁਕਾਨਾਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤਾ ਹੈ। ਨਸ਼ਾ ਤਸਕਰੀ ਵਿਰੁੱਧ ਸਖ਼ਤ ਸੁਨੇਹਾ ਦਿੰਦਿਆਂ ਕੀਤੀ ਗਈ ਇਸ ਕਾਰਵਾਈ ਦੀ ਨਿਗਰਾਨੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਖ਼ੁਦ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜੀਵਨਜੋਤ ਕੌਰ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦਾ ਸਪਸ਼ਟ ਸੁਨੇਹਾ ਹੈ ਕਿ ਨਸ਼ਾ ਤਸਕਰ ਜਾਂ ਤਾਂ ਇਹ ਗੈਰਕਾਨੂੰਨੀ ਕੰਮ ਛੱਡ ਜਾਣ ਜਾਂ ਪੰਜਾਬ ਛੱਡ ਦੇਣ। ਉਹਨਾਂ ਕਿਹਾ ਕਿ ਹੁਣ ਇਹਨਾਂ ਦਾ ਇਹ ਨਸ਼ੀਲੇ ਕਾਰੋਬਾਰ ਦਾ ਧੰਦਾ ਰਾਜ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਜੋ ਵੀ ਇਸ ਕਾਲੇ ਧੰਦੇ ਵਿੱਚ ਸ਼ਾਮਿਲ ਹੋਇਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਮਾੜੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਭਰਾੜੀਵਾਲ ਅਤੇ ਮਕਬੂਲਪੁਰਾ ਇਲਾਕੇ ਵਿੱਚ ਦੋ ਤਸਕਰਾਂ ਵਿਰੁੱਧ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮਕਬੂਲਪੁਰਾ ਵਿਖੇ ਢਾਹੇ ਗਏ ਮਕਾਨ ਜੋ ਕਿ ਨਸ਼ਾ ਤਸਕਰ ਗੁਰਮੀਤ ਸਿੰਘ ਦਾ ਹੈ, ਬਾਰੇ ਜਾਣਕਾਰੀ ਦਿੰਦੇ ਉਹਨਾਂ ਨੇ ਦੱਸਿਆ ਕਿ ਗੁਰਮੀਤ ਸਿੰਘ ਵੱਲੋਂ ਨਸ਼ਿਆਂ ਦੇ ਕਾਰੋਬਾਰ ਤੋਂ ਮਕਬੂਲਪੁਰਾ ਵਿਖੇ ਅਣਅਧਿਕਾਰਤ ਤੌਰ ਉੱਤੇ ਨਾਜਾਇਜ਼ ਉਸਾਰੀਆਂ ਕਰਕੇ ਮਕਾਨ ਅਤੇ ਦੁਕਾਨਾਂ ਬਣਾਈਆਂ ਗਈਆਂ ਹਨ, ਜਿਸ ਨੂੰ ਅੱਜ ਕਾਰਪੋਰੇਸ਼ਨ ਦੀ ਮਦਦ ਨਾਲ ਢਾਹ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਗੁਰਮੀਤ ਸਿੰਘ ਵਿਰੁੱਧ ਤਿੰਨ ਮੁਕਦਮੇ ਦਰਜ ਹਨ, ਜਿਨਾਂ ਵਿੱਚ 325 ਗ੍ਰਾਮ ਸਮੈਕ ਅਤੇ 350 ਗ੍ਰਾਮ ਹੈਰੋਇਨ ਦੀ ਬਰਾਮਦਗੀ ਵੀ ਹੋਈ ਹੈ। ਉਹਨਾਂ ਦੱਸਿਆ ਕਿ ਉਹ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ।
ਭਰਾੜੀਵਾਲ ਵਿਖੇ ਢਾਹੀ ਗਈ ਉਸਾਰੀ ਬਾਰੇ ਜਾਣਕਾਰੀ ਦਿੰਦੇ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਹ ਮਕਾਨ ਸੰਦੀਪ ਸਿੰਘ ਉਰਫ ਸੋਨੂ ਵਾਸੀ ਨੌਸ਼ਹਿਰਾ ਢਾਲਾ ਦਾ ਹੈ। ਉਹਨਾਂ ਦੱਸਿਆ ਕਿ ਉਸ ਵਿਰੁੱਧ ਚਾਰ ਮੁਕਦਮੇ ਦਰਜ ਹਨ, ਜਿਨ੍ਹਾਂ ਵਿੱਚ ਸਰਾਏ ਅਮਾਨਤ ਖਾਨ ਵਿਖੇ ਤਿੰਨ ਅਤੇ ਐਂਟੀ ਨਾਰਕੋਟਿਕ ਫੋਰਸ ਮੁਹਾਲੀ ਦੇ ਮੁਕਦਮੇ ਸ਼ਾਮਿਲ ਹਨ। ਇਹ ਦੋਸ਼ੀ ਬਠਿੰਡਾ ਜੇਲ੍ਹ ਵਿੱਚ ਸੀ, ਜਿੱਥੋਂ ਥੋੜ੍ਹੇ ਦਿਨ ਪਹਿਲਾਂ ਹੀ ਜ਼ਮਾਨਤ ਉੱਤੇ ਬਾਹਰ ਆਇਆ ਹੈ।