Punjab News: ਠੇਕੇ ਦਾ ਸ਼ਟਰ ਤੋੜ ਕੇ 3.50 ਲੱਖ ਦੀ ਸ਼ਰਾਬ ਤੇ 5 ਹਜ਼ਾਰ ਨਕਦੀ ਲੈ ਗਏ ਚੋਰ
ਜਤਿੰਦਰ ਸਿੰਘ ਬਾਵਾ/ਤਜਿੰਦਰ ਸਿੰਘ ਖਾਲਸਾ
ਸ੍ਰੀ ਗੋਇੰਦਵਾਲ ਸਾਹਿਬ/ਚੋਹਲਾ ਸਾਹਿਬ, 21 ਜੂਨ
ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਖੇਤਰ ਵਿੱਚ ਕੌਮੀ ਮਾਰਗ 54 ’ਤੇ ਪਿੰਡ ਜੌਣੇਕੇ ਵਿਖੇ ਸਥਿਤ ਸ਼ਰਾਬ ਦੇ ਠੇਕੇ ਤੋਂ ਚੋਰਾਂ ਨੇ ਸ਼ਟਰ ਤੋੜ ਕੇ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਸ਼ਰਾਬ ਅਤੇ ਕਰੀਬ 5000 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਾਬ ਠੇਕੇਦਾਰ ਦੇ ਇੰਚਾਰਜ ਗੁਰਮੀਤ ਸਿੰਘ ਅਤੇ ਕਰਿੰਦੇ ਮੋਹਿਤ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ 10.30 ਵਜੇ ਦੇ ਕਰੀਬ ਠੇਕਾ ਬੰਦ ਕਰਕੇ ਗਏ ਸਨ ਤੇ ਜਦ ਸਵੇਰੇ ਆ ਕੇ ਦੇਖਿਆ ਤਾਂ ਠੇਕੇ ਦਾ ਸ਼ਟਰ ਟੁੱਟਾ ਹੋਇਆ ਸੀ। ਉਨ੍ਹਾਂ ਮੁਤਾਬਕ ਠੇਕੇ ਵਿਚ ਪਈ ਸ਼ਰਾਬ ਵਿੱਚੋਂ ਕਰੀਬ 3 ਲੱਖ 30 ਹਜ਼ਾਰ ਰੁਪਏ ਦੀ ਸ਼ਰਾਬ ਅਤੇ ਗੱਲੇ ਵਿਚ ਪਈ 5000 ਰੁਪਏ ਦੀ ਨਕਦੀ ਚੋਰਾਂ ਨੇ ਚੋਰੀ ਕਰ ਲਈ ਹੈ।
ਉਨ੍ਹਾਂ ਦੱਸਿਆ ਕਿ ਚੋਰੀ ਹੋਈ ਸ਼ਰਾਬ ਵਿਚ ਜ਼ਿਆਦਾਤਰ ਮਹਿੰਗੇ ਭਾਅ ਵਾਲੀ ਬ੍ਰਾਂਡਿਡ ਸ਼ਰਾਬ ਸ਼ਾਮਲ ਹੈ। ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।