Punjab News ਫਿਰੌਤੀ ਦੀ ਰਕਮ ਇਕੱਠੀ ਕਰਨ ਵਾਲਾ ਥਾਣੇਦਾਰ ਤੇ ਇੱਕ ਹੋਰ ਕਾਬੂ
ਹਰਜੀਤ ਸਿੰਘ ਪਰਮਾਰ
ਬਟਾਲਾ, 23 ਫਰਵਰੀ
ਬਟਾਲਾ ਪੁਲੀਸ ਨੇ ਇੱਕ ਵਿਦੇਸ਼ੀ ਗੈਂਗਸਟਰ ਵੱਲੋਂ ਫੋਨ ਕਾਲਾਂ ’ਤੇ ਧਮਕੀਆਂ ਦੇ ਕੇ ਫਿਰੌਤੀ ਲੈਣ ਦੇ ਮਾਮਲੇ ਵਿੱਚ ਥਾਣਾ ਸਦਰ ਬਟਾਲਾ ’ਚ ਤਾਇਨਾਤ ਥਾਣੇਦਾਰ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 83 ਲੱਖ ਰੁਪਏ ਨਕਦ ਅਤੇ ਪਿਸਤੌਲ ਵੀ ਬਰਾਮਦ ਕੀਤਾ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਮਰੀਕਾ ਰਹਿੰਦੇ ਗੈਂਗਸਟਰ ਗੁਰਦੇਵ ਜੱਸਲ ਵੱਲੋਂ ਚਲਾਏ ਜਾ ਰਹੇ ਫਿਰੌਤੀ ਲੈਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਇੱਕ ਥਾਣੇਦਾਰ ਅਤੇ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੰਘੀ 4 ਫਰਵਰੀ ਨੂੰ ਗੁਰਦੇਵ ਸਿੰਘ ਜੱਸਲ ਦੇ ਗੁਰਗਿਆਂ ਨੇ ਕਲਾਨੌਰ ਵਿਖੇ ਇੱਕ ਪੈਟਰੋਲ ਪੰਪ ’ਤੇ ਗੋਲੀਆਂ ਚਲਾਈਆਂ ਸਨ ਅਤੇ ਫੋਨ ਕਰਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਮਗਰੋਂ 11 ਫਰਵਰੀ ਨੂੰ ਉਕਤ ਕਾਰੋਬਾਰੀ ਨੇ 50 ਲੱਖ ਰੁਪਏ ਦੀ ਰਕਮ ਫਿਰੌਤੀ ਵਜੋਂ ਦੇ ਵੀ ਦਿੱਤੀ ਸੀ।
ਬਟਾਲਾ ਪੁਲੀਸ ਵੱਲੋਂ ਤਕਨੀਕੀ ਅਧਾਰ ’ਤੇ ਕੀਤੀ ਗਈ ਜਾਂਚ ਦੌਰਾਨ ਥਾਣਾ ਸਦਰ ਬਟਾਲਾ ਦੀ ਚੌਂਕੀ ਸ਼ੇਖੂਪੁਰ ’ਚ ਤਾਇਨਾਤ ਏਐਸਆਈ ਸੁਰਜੀਤ ਸਿੰਘ ਦੀ ਸ਼ਮੂਲੀਅਤ ਸਾਹਮਣੇ ਆਈ ਜਿਸ ਤੋਂ ਬਾਅਦ ਉਸ ਨੂੰ ਅਤੇ ਅੰਕੁਸ਼ ਮੈਨੀ ਨਾਂ ਦੇ ਇੱਕ ਵਿਅਕਤੀ ਨੂੰ ਫਿਰੌਤੀ ਦੀ ਰਕਮ ਇਕੱਠੀ ਕਰਕੇ ਆਪਣੇ ਕੋਲ ਰੱਖਣ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ 83 ਲੱਖ ਰਪਏ ਨਕਦ, ਗੈਰਕਾਨੂੰਨੀ ਹਥਿਆਰ ਅਤੇ ਲਗਜ਼ਰੀ ਵਾਹਨ ਬਰਾਮਦ ਕੀਤੇ ਹਨ।