Punjab News: ਕਿਸਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ
ਲਖਨਪਾਲ ਸਿੰਘ
ਮਜੀਠਾ, 3 ਜੁਲਾਈ
ਮਜੀਠਾ ਹਲਕੇ ਦੇ ਪਿੰਡ ਤਲਵੰਡੀ ਦਸੰਦਾ ਸਿੰਘ ’ਚ ਇੱਕ ਕਿਸਾਨ ਦੀ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਤਲਵੰਡੀ ਦਸੰਦਾ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਵਿੰਦਰ ਸਿੰਘ 2 ਜੁਲਾਈ ਦੀ ਸ਼ਾਮ ਨੂੰ ਆਪਣੇ ਖੇਤਾਂ ’ਚ ਖਾਦ ਪਾਉਣ ਗਿਆ ਸੀ, ਪਰ ਉਹ ਘਰ ਨਹੀਂ ਪਰਤਿਆ।
ਭਾਲ ਕੀਤੇ ਜਾਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਵੀਰਵਾਰ ਸਵੇਰ ਖੇਤਾਂ ਵਿੱਚ ਮਿਲੀ। ਸੂਚਨਾ ਮਿਲਣ ਉਪਰੰਤ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਢਲੀ ਜਾਂਚ ਦੌਰਾਨ ਇਹ ਮਾਮਲਾ ਅਗਵਾ ਕਰਕੇ ਕਤਲ ਕੀਤੇ ਜਾਣ ਦਾ ਜਾਪਦਾ ਹੈ।
ਸਵਿੰਦਰ ਸਿੰਘ ਦੇ ਪਰਿਵਾਰ ਨੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਇਸ ਸਬੰਧੀ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਕਿਸਾਨ ਦਾ ਇਕ ਆੜਤੀਏ ਨਾਲ ਪੈਸੇ ਲੈਣ ਦੇਣ ਦਾ ਵਿਵਾਦ ਵੀ ਚਰਚਾ ਵਿਚ ਆਇਆ ਸੀ, ਜਿਸ ਦੇ ਚਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਧਰਨਾ ਵੀ ਦਿੱਤਾ ਗਿਆ ਸੀ। ਉਕਤ ਮਾਮਲੇ ਸਬੰਧੀ ਥਾਣਾ ਕੱਥੂਨੰਗਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।