ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਤਖਤਾਂ ਵਿਚਾਲੇ ਵਿਵਾਦ: ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਜਨਰਲ ਇਜਲਾਸ ਸੱਦਿਆ

ਪੰਜ ਅਗਸਤ ਨੂੰ ਸੱਦੇ ਇਜਲਾਸ ’ਚ ਤਖਤਾਂ ਦੀ ਮਰਿਆਦਾ ਮੁੱਖ ਏਜੰਡਾ
Advertisement

 

ਜਗਤਾਰ ਸਿੰਘ ਲਾਂਬਾ

Advertisement

ਅੰਮ੍ਰਿਤਸਰ, 13 ਜੁਲਾਈ

ਸ੍ਰੀ ਅਕਾਲ ਤਖਤ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਚਾਲੇ ਪੈਦਾ ਹੋਏ ਆਪਸੀ ਵਿਵਾਦ ਦੇ ਮੁੱਦੇ ’ਤੇ ਵਿਚਾਰ ਚਰਚਾ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਅਗਸਤ ਨੂੰ ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਜਨਰਲ ਇਜਲਾਸ ਸੱਦ ਲਿਆ ਹੈ ਜਿਸ ਵਿੱਚ ਤਖਤ ਸਾਹਿਬਾਨ ਦੀ ਮਰਿਆਦਾ ਦੇ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਵਿਸ਼ੇਸ਼ ਜਨਰਲ ਇਜਲਾਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਵੇਗਾ ਜਿਸ ਸਬੰਧੀ ਸਮੂਹ ਮੈਂਬਰਾਂ ਨੂੰ 11 ਜੁਲਾਈ ਨੂੰ ਪੱਤਰ ਭੇਜ ਦਿੱਤੇ ਗਏ ਹਨ। ਇਹ ਇਜਲਾਸ ਪੰਜ ਅਗਸਤ ਬਾਅਦ ਦੁਪਹਿਰ 1 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ ਅਤੇ ਇਸ ਵਿਸ਼ੇਸ਼ ਇਜਲਾਸ ਵਿੱਚ ਤਖਤ ਸਾਹਿਬਾਨ ਦੀ ਮਰਿਆਦਾ ਬਾਰੇ ਵਿਚਾਰ ਚਰਚਾ ਹੋਵੇਗੀ।

ਇਹ ਵਿਸ਼ੇਸ਼ ਜਨਰਲ ਇਜਲਾਸ ਇੱਕ ਨੁਕਾਤੀ ਏਜੰਡੇ ’ਤੇ ਸੱਦਿਆ ਗਿਆ ਹੈ ਜਿਸ ਦਾ ਮੁੱਖ ਏਜੰਡਾ ਤਖਤ ਸਾਹਿਬਾਨ ਦੀ ਮਰਿਆਦਾ ਬਾਰੇ ਵਿਚਾਰ ਕਰਨਾ ਹੈ। ਇਸ ਤੋਂ ਇਲਾਵਾ ਕੋਈ ਹੋਰ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਹਿਮਤੀ ਨਾਲ ਹੀ ਵਿਚਾਰਿਆ ਜਾ ਸਕਦਾ ਹੈ।

ਇਸ ਵੇਲੇ ਤਖਤ ਪਟਨਾ ਸਾਹਿਬ ਤੇ ਅਕਾਲ ਤਖਤ ਦੇ ਜਥੇਦਾਰਾਂ ਵਿਚਾਲੇ ਪੈਦਾ ਹੋਇਆ ਵਿਵਾਦ ਸਿੱਖ ਜਗਤ ਲਈ ਇੱਕ ਵੱਡੀ ਚਿੰਤਾ ਬਣਿਆ ਹੋਇਆ ਹੈ। ਪਰਦੇ ਪਿੱਛੇ ਬੈਠੇ ਕੁਝ ਸਿੱਖ ਆਗੂ ਇਸ ਨੂੰ ਰਾਜਸੀ ਹਿਤਾਂ ਵਾਸਤੇ ਉਲਝਾਉਣ ਦਾ ਯਤਨ ਕਰ ਰਹੇ ਹਨ, ਜਦੋਂ ਕਿ ਇਸ ਸਬੰਧ ਵਿੱਚ ਕਈ ਵਾਰ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਸ਼੍ਰੀ ਅਕਾਲ ਤਖਤ ਅਤੇ ਬਾਕੀ ਚਾਰ ਸਥਾਨਕ ਤਖਤਾਂ ਦੇ ਅਧਿਕਾਰ ਖੇਤਰ ਕੀ ਕੀ ਹਨ। ਪੰਥਕ ਮਰਿਆਦਾ ਮੁਤਾਬਿਕ ਸ੍ਰੀ ਅਕਾਲ ਤਖਤ ਨੂੰ ਸਰਬਉੱਚ ਤਖਤ ਦਾ ਦਰਜਾ ਹਾਸਲ ਹੈ ਅਤੇ ਉਸ ਦਾ ਅਧਿਕਾਰ ਖੇਤਰ ਵਿਸ਼ਾਲ ਅਤੇ ਵਧੇਰੇ ਹੈ। ਬਾਕੀ ਚਾਰ ਸਥਾਨਕ ਤਖਤਾਂ ਜਿਨ੍ਹਾਂ ਵਿੱਚ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖਤ ਸ੍ਰੀ ਪਟਨਾ ਸਾਹਿਬ ਬਿਹਾਰ, ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਨੂੰ ਸਿਰਫ ਸਥਾਨਕ ਮਾਮਲੇ ਆਪੋ ਆਪਣੇ ਤਖਤਾਂ ਦੇ ਵਿਚਾਰਨ ਦਾ ਅਧਿਕਾਰ ਹੈ। ਕੌਮੀ ਮਾਮਲਿਆਂ ਨੂੰ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਵਿਖੇ ਹੀ ਵਿਚਾਰਿਆ ਜਾ ਸਕਦਾ ਹੈ।

Advertisement