Punjab News: ਮਨੁੱਖੀ ਤਸਕਰੀ ਵਿੱਚ ਸ਼ਾਮਲ 24 ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ, 7 ਮੁਲਜ਼ਮ ਗ੍ਰਿਫਤਾਰ: ਧਾਲੀਵਾਲ
ਅਮਰੀਕਾ ਵੱਲੋਂ Deport ਕੀਤੇ ਗਏ ਵਿਅਕਤੀਆਂ ਨੂੰ ਟਰੈਵਲ ਏਜੰਟਾਂ ਦੇ ਪੀੜਤ ਦੱਸਿਆ; ਮੰਤਰੀ ਨੇ ਖੱਟਰ ਦੇ ਪਰਵਾਸੀਆਂ ਬਾਰੇ ਬਿਆਨ ਦੀ ਕੀਤੀ ਨਿਖੇਧੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਫਰਵਰੀ
Punjab News: ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨੁੱਖੀ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਿਲ ਟਰੈਵਲ ਏਜੰਟਾਂ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਪੰਜਾਬ ਪੁਲੀਸ ਨੇ ਹੁਣ ਤੱਕ 1274 ਸਥਾਨਾਂ ਉੱਤੇ ਚੈਕਿੰਗ ਕੀਤੀ ਹੈ ਅਤੇ 24 ਟਰੈਵਲ ਏਜੰਟਾਂ ਵਿਰੁੱਧ ਪੁਲੀਸ ਕੇਸ ਦਰਜ ਕੀਤੇ ਗਏ ਹਨ ਤੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਉਨ੍ਹਾਂ ਦੱਸਿਆ ਕਿ 5 ਫਰਵਰੀ, ਜਿਸ ਦਿਨ ਤੋਂ ਅਮਰੀਕਾ ਨੇ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀ ਭਾਰਤੀਆਂ ਨੂੰ ਵਾਪਸ ਭੇਜਣਾ ਸ਼ੁਰੂ ਕੀਤਾ ਹੈ, ਤੋਂ ਲੈ ਕੇ ਹੁਣ ਤੱਕ ਕੀਤੀ ਗਈ ਇਸ ਕਾਰਵਾਈ ਦੌਰਾਨ 7 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਰੇ ਅਧਿਕਾਰੀਆਂ ਅਤੇ ਪੁਲੀਸ ਨੂੰ ਇਸ ਬਾਬਤ ਸਖਤ ਨਿਰਦੇਸ਼ ਹਨ ਕਿ ਜੋ ਵੀ ਵਿਅਕਤੀ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਪਾਇਆ ਜਾਂਦਾ ਹੈ, ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਅਮਰੀਕਾ ਵੱਲੋਂ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ 337 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ 131 ਪੰਜਾਬੀ ਮੂਲ ਦੇ ਹਨ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਬਰਾਸਤਾ ਪਨਾਮਾ ਕੁਝ ਪਰਵਾਸੀ ਭਾਰਤੀ ਭਾਰਤ ਪਹੁੰਚੇ ਹਨ ਅਤੇ ਉਨ੍ਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਹੈ ਕਿ ਪਨਾਮਾ ਵਿੱਚ ਅਮਰੀਕਾ ਵੱਲੋਂ ਭੇਜੇ ਗਏ ਗੈਰਕਾਨੂੰਨੀ ਪਰਵਾਸੀਆਂ ਵਿੱਚੋਂ ਕਿੰਨੇ ਭਾਰਤੀ ਹਨ ਤੇ ਕਿੰਨੇ ਪੰਜਾਬੀ ਹਨ? ਬਾਰੇ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਜੇ ਭਾਰਤ ਸਰਕਾਰ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਸਾਡੀ ਕੋਈ ਮਦਦ ਚਾਹੁੰਦੀ ਹੈ ਤਾਂ ਅਸੀਂ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਇਹ ਲੋਕ ਸਾਡੇ ਆਪਣੇ ਹਨ, ਕੋਈ ਅਪਰਾਧੀ ਨਹੀਂ। ਇਨ੍ਹਾਂ ਲੋਕਾਂ ਨੂੰ ਠੱਗ ਟਰੈਵਲ ਏਜੰਟਾਂ ਵੱਲੋਂ ਠੱਗਿਆ ਗਿਆ ਹੈ। ਇਨ੍ਹਾਂ ਨੇ ਲੱਖਾਂ ਕਰੋੜਾਂ ਰੁਪਏ ਗਵਾਏ ਹਨ, ਭਾਰੀ ਤਸ਼ੱਦਦ ਵੀ ਝੱਲੇ ਹਨ, ਜਿਸ ਕਾਰਨ ਇਨ੍ਹਾਂ ਨਾਲ ਸਾਡੀ ਦਿਲੀ ਹਮਦਰਦੀ ਹੈ।
ਭਾਜਪਾ ਨੇਤਾ ਮਨੋਹਰ ਲਾਲ ਖੱਟਰ ਵੱਲੋਂ ਇਨ੍ਹਾਂ ਪਰਵਾਸੀਆਂ ਬਾਰੇ ਦਿੱਤੇ ਬਿਆਨ ਉੱਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਧਾਲੀਵਾਲ ਨੇ ਕਿਹਾ, ‘‘ਉਹ ਆਪਣੀ ਪਾਰਟੀ ਦੀ ਤਰਜਮਾਨੀ ਕਰਦੇ ਹੋਏ ਭਾਜਪਾ ਦੇ ਢਿੱਡ ਵਾਲੀ ਗੱਲ ਕਰ ਗਏ ਹਨ, ਜਦ ਕਿ ਸਾਡਾ ਮੰਨਣਾ ਹੈ ਕਿ ਅਜਿਹੇ ਕੇਸਾਂ ਵਿੱਚ ਹਮਦਰਦੀ ਨਾਲ ਵਿਚਾਰ ਕਰਨ ਦੀ ਲੋੜ ਹੈ।’’