Punjab News: ਪੁਲੀਸ ਥਾਣੇ ’ਚ ਪਲੰਬਰ ਦਾ ਕੰਮ ਕਰਨ ਸੱਦੇ ਗਏ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ
ਥਾਣਾ ਗੋਇੰਦਵਾਲ ਦੇ ਐਸਐਚਓ ਵੱਲੋਂ ਥਾਣੇ ਅੰਦਰ ਪਲੰਬਰ ਦਾ ਕੰਮ ਕਰਵਾਉਣ ਲਈ ਸੱਦੇ 28 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (28) ਪੁੱਤਰ ਧਰਮ ਸਿੰਘ ਵਾਸੀ ਧੂੰਦਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਧਰਮ ਸਿੰਘ ਨੇ ਦੱਸਿਆ ਕਿ ਅੱਜ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਪੁਲੀਸ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਲੰਬਰ ਦਾ ਕੰਮ ਕਰਨ ਲਈ ਸੱਦਿਆ ਗਿਆ ਸੀ। ਉਨ੍ਹਾਂ ਕਿਹਾ, ‘‘ਕੰਮ ਵਾਲੀ ਜਗ੍ਹਾ ਬਿਜਲੀ ਦਾ ਕਰੰਟ ਆਉਂਦਾ ਸੀ, ਪਰ ਪੁਲੀਸ ਮੁਲਾਜ਼ਮਾਂ ਨੇ ਮੇਰੇ ਲੜਕੇ ਨੂੰ ਨਹੀਂ ਦੱਸਿਆ ਅਤੇ ਕੰਮ ਕਰਦੇ ਸਮੇਂ ਬਿਜਲੀ ਦਾ ਤੇਜ਼ ਕਰੰਟ ਲੱਗਣ ਕਾਰਨ ਗੁਰਪ੍ਰੀਤ ਦੀ ਮੌਤ ਹੋ ਗਈ।’’
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਦੀ ਮੌਤ ਸਬੰਧੀ ਵੀ ਪੁਲੀਸ ਵੱਲੋਂ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ ਅਤੇ ਕਰੰਟ ਲੱਗਣ ਤੋਂ ਬਾਅਦ ਦੋ ਪੁਲੀਸ ਮੁਲਾਜ਼ਮ ਗੁਰਪ੍ਰੀਤ ਦੀ ਲਾਸ਼ ਨੂੰ ਸਬ ਡਿਵੀਜ਼ਨਲ ਹਸਪਤਾਲ ਖਡੂਰ ਸਾਹਿਬ ਵਿਖੇ ਛੱਡ ਗਏ।
ਮੌਕੇ ’ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੁਰਪ੍ਰੀਤ ਸਿੰਘ ਦੀ ਮੌਤ ਲਈ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੂੰ ਜ਼ਿੰਮੇਵਾਰ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ। ਮ੍ਰਿਤਕ ਦੇ ਪਿਤਾ ਧਰਮ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਆਪਣੇ ਪਿੱਛੇ ਮਾਪਿਆਂ ਤੋਂ ਇਲਾਵਾ ਪਤਨੀ ਅਤੇ ਦੋ ਨਿੱਕੀਆਂ ਨਿੱਕੀਆਂ ਧੀਆਂ ਛੱਡ ਗਿਆ ਹੈ।
ਕੀ ਕਹਿੰਦੇ ਨੇ ਪੁਲੀਸ ਅਧਿਕਾਰੀ
ਇਸ ਬਾਰੇ ਪੁਲੀਸ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਐਸਐਚਓ ਬਲਰਾਜ ਸਿੰਘ ਨੇ ਕਿਹਾ ਕਿ ਜਦੋਂ ਨੌਜਵਾਨ ਨੂੰ ਕਰੰਟ ਲੱਗਿਆ ਤਾਂ ਨੌਜਵਾਨ ਦੇ ਸਾਹ ਚੱਲ ਰਹੇ ਸਨ ਤੇ ‘ਅਸੀਂ ਮੁੱਢਲਾ ਫਰਜ਼ ਸਮਝਦੇ ਹੋਏ ਸਭ ਤੋਂ ਪਹਿਲਾਂ ਉਸ ਡਾਕਟਰਾਂ ਕੋਲ ਲੈ ਕੇ ਗਏ ਅਤੇ ਨਾਲ ਦੀ ਨਾਲ ਪਰਿਵਾਰ ਨੂੰ ਇਤਲਾਹ ਦਿੱਤੀ।’ ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ’ਤੇ ਪਲੰਬਰ ਕੰਮ ਕੀਤੀ ਜਾ ਰਿਹਾ ਸੀ, ਉਥੇ ਪਹਿਲਾਂ ਕਿਸੇ ਕਿਸਮ ਦਾ ਕਰੰਟ ਨਹੀਂ ਸੀ ਆ ਰਿਹਾ।
ਪੁਲੀਸ ਵੱਲੋਂ ਪੀੜਤ ਪਰਿਵਾਰ ’ਤੇ ਪਾਇਆ ਗਿਆ ਰਾਜ਼ੀਨਾਮੇ ਦਾ ਦਬਾਅ?
ਮ੍ਰਿਤਕ ਨੌਜਵਾਨ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਹੈ, ਜੋ ਆਪਣੇ ਪਰਿਵਾਰ ਲਈ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦੀ ਕਮਾਈ ’ਤੇ ਹੀ ਪੂਰਾ ਪਰਿਵਾਰ ਨਿਰਭਰ ਸੀ। ਇਸ ਮਾਮਲੇ ਵਿੱਚ ਦੋਸ਼ ਲੱਗੇ ਹਨ ਕਿ ਪੁਲੀਸ ਵੱਲੋਂ ਆਪਣੀ ਅਣਗਿਹਲੀ ਲੁਕਾਉਣ ਲਈ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ’ਤੇ ਕਥਿਤ ਤੌਰ ’ਤੇ ਰਾਜ਼ੀਨਾਮੇ ਦਾ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਕਿ ਇਸ ਸਬੰਧੀ ਧਾਰਾ 174 ਦੀ ਕਾਰਵਾਈ ਕੀਤੀ ਜਾ ਸਕੇ। ਦੂਜੇ ਪਾਸੇ ਪਰਿਵਾਰ ਕਾਰਵਾਈ ਲਈ ਅੜਿਆ ਹੋਇਆ ਹੈ।