Punjab Flood: ਭਾਰਤੀ ਫ਼ੌਜ ਨੇ ਕਈ ਜਾਨਾਂ ਬਚਾਈਆਂ
ਹਵਾਈ ਅਤੇ ਥਲ ਸੈਨਾ ਨੇ ਜੰਮੂ, ਮਾਮੂਨ, ਪਠਾਨਕੋਟ (ਸਾਂਬਾ, ਸੁਜਾਨਪੁਰ), ਗੁਰਦਾਸਪੁਰ (ਮਕੌੜਾ ਪੱਤਣ, ਅਦਾਲਤਗੜ੍ਹ), ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸੈਕਟਰਾਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਰਾਹਤ ਪਹੁੰਚਾਈ ਹੈ।
ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਜ ਸਾਰੇ ਸਰੋਤਾਂ ਦੀ ਵਰਤੋਂ ਕਰਦਿਆਂ ਤੇਜ਼ੀ ਨਾਲ ਕੀਤੇ ਗਏ ਸਨ, ਜਿਸ ਦਾ ਇੱਕੋ-ਇੱਕ ਉਦੇਸ਼ ਨਾਗਰਿਕਾਂ ਦਾ ਬਚਾਅ ਕਰਨਾ ਹੈ। ਸਾਰੀਆਂ ਕਾਰਵਾਈਆਂ ਸਥਾਨਕ ਰਾਜ ਪ੍ਰਸ਼ਾਸਨ ਦੇ ਤਾਲਮੇਲ ਵਿੱਚ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮਾਂ ਅਤੇ ਸੰਚਾਰ ਸਰੋਤਾਂ ਸਣੇ ਫ਼ੌਜ ਦੀਆਂ ਕੁੱਲ 28 ਟੁਕੜੀਆਂ ਨੇ ਸ਼ਮੂਲੀਅਤ ਕੀਤੀ। ਇਹ ਫ਼ੌਜੀ ਜਵਾਨ ਤੁਰੰਤ ਜ਼ਮੀਨੀ ਸਹਾਇਤਾ, ਨਿਕਾਸੀ ਸਹਾਇਤਾ, ਸੰਪਰਕ ਦੀ ਬਹਾਲੀ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਰਹੇ ਹਨ।
ਹਵਾਈ ਸੈਨਾ ਦੀਆਂ ਟੀਮਾਂ ਨੇ ਬਚਾਅ ਮਿਸ਼ਨਾਂ ਵਾਸਤੇ ਬਾਰਾਂ ਹੈਲੀਕਾਪਟਰਾਂ, ਜਿਨ੍ਹਾਂ ਵਿੱਚ ਤਿੰਨ ਐਡਵਾਂਸਡ ਲਾਈਟ ਹੈਲੀਕਾਪਟਰ (ਏਐੱਲਐੱਚ) ਅਤੇ ਨੌਂ ਚੀਤਾ ਹੈਲੀਕਾਪਟਰ ਸ਼ਾਮਲ ਹਨ, ਨੇ ਚੁਣੌਤੀਪੂਰਨ ਅਪਰੇਸ਼ਨ ਕੀਤੇ। ਫ਼ੌਜ ਨੇ ਛੱਤਾਂ ’ਤੇ ਅਤੇ ਡੁੱਬੇ ਹੋਏ ਪਿੰਡਾਂ ਵਿੱਚ ਫਸੇ ਕਈ ਨਾਗਰਿਕਾਂ ਨੂੰ ਬਚਾਇਆ। ਇਸ ਤੋਂ ਇਲਾਵਾ ਹੜ ਖੇਤਰਾਂ ਵਿਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਕਿਸ਼ਤੀਆਂ ਅਤੇ ਸੁਰੱਖਿਆ ਉਪਕਰਨਾਂ ਦੀ ਵਰਤੋਂ ਕੀਤੀ ਹੈ।
ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਕੁੱਲ 1,211 ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ, ਜਿਸ ਵਿੱਚ ਮਾਧੋਪੁਰ ਬੈਰਾਜ ’ਤੇ ਫਸੇ 11 ਪੰਜਾਬ ਸਰਕਾਰ ਦੇ ਅਧਿਕਾਰੀ ਅਤੇ 180 ਪੀਐੱਮਐੱਫ ਕਰਮਚਾਰੀ ਵੀ ਸ਼ਾਮਲ ਹਨ।
ਫ਼ੌਜ ਦੇ ਹੈਲੀਕਾਪਟਰਾਂ ਅਤੇ ਜ਼ਮੀਨੀ ਟੀਮਾਂ ਦੁਆਰਾ ਪਾਣੀ ਕਾਰਨ ਕੱਟੇ ਗਏ ਖੇਤਰਾਂ ਵਿੱਚ ਭੋਜਨ, ਪਾਣੀ ਅਤੇ ਦਵਾਈਆਂ ਸਮੇਤ ਲਗਭਗ 2,300 ਕਿਲੋ ਜ਼ਰੂਰੀ ਸਪਲਾਈ ਸੁੱਟੀ ਗਈ ਹੈ ਜਾਂ ਵੰਡੀ ਗਈ ਹੈ। ਮੈਡੀਕਲ ਟੀਮਾਂ ਵੱਲੋਂ ਜ਼ਖ਼ਮੀਆਂ ਨੂੰ ਮੌਕੇ ’ਤੇ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।