ਦੋ ਧਿਰਾਂ ’ਚ ਝਗੜੇ ਦੌਰਾਨ ਪੁਲੀਸ ’ਤੇ ਹਮਲਾ
ਨਵਾਂ ਪਿੰਡ ਪੁਲੀਸ ਚੌਕੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ ਅੱਡਾ ਡੱਡੂਆਣਾ ਪਿੰਡ ਵਿੱਚ ਹੈਲਪਲਾਈਨ ਨੰਬਰ 112 ਤੋਂ ਫਤਿਹਪੁਰ ਰਾਜਪੂਤਾ ਬੱਸ ਸਟਾਪ ’ਤੇ ਦੋ ਪਰਿਵਾਰਾਂ ਦੇ ਆਪਸ ਵਿੱਚ ਝਗੜਾ ਹੋਣ ਬਾਰੇ ਫੋਨ ਆਇਆ। ਦੋਵੇਂ ਧਿਰਾਂ ਇੱਕ-ਦੂਜੇ ’ਤੇ ਇੱਟਾਂ, ਪੱਥਰ ਅਤੇ ਕੱਚ ਦੀਆਂ ਬੋਤਲਾਂ ਸੁੱਟ ਰਹੇ ਸਨ। ਇਸ ਕਾਰਨ ਮਹਿਤਾ ਵੱਲ ਜਾਣ ਵਾਲੇ ਮਾਰਗ ’ਤੇ ਆਵਾਜਾਈ ਠੱਪ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਪੁਲੀਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਧੜਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੱਥਰਬਾਜ਼ੀ ਬੰਦ ਕਰਨ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਉਨ੍ਹਾਂ ਦੋਵਾਂ ਧੜਿਆਂ ਨੂੰ ਖਿੰਡਾਉਣ ਲਈ ਹੋਰ ਪੁਲੀਸ ਫੋਰਸ ਮੰਗੀ। ਉਨ੍ਹਾਂ ਕਿਹਾ ਕਿ ਫਤਿਹਪੁਰ ਰਾਜਪੂਤਾ ਪਿੰਡ ਦੇ ਸਰਪੰਚ ਮੰਗਲ ਸਿੰਘ ਅਤੇ ਫਤਿਹਪੁਰ ਖੁਰਦ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਧੜਿਆਂ ਨੇ ਬਾਹਰੋਂ ਆਪਣੇ ਸਮਰਥਕਾਂ ਨੂੰ ਬੁਲਾਇਆ ਅਤੇ ਇੱਕ-ਦੂਜੇ ਨਾਲ ਲੜਨਾ ਸ਼ੁਰੂ ਕਰ ਦਿੱਤਾ
ਜਿਸ ਕਾਰਨ ਟਰੈਫਿਕ ਜਾਮ ਹੋ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।