ਤਿੰਨ ਕਿਲੋ ਤੋਂ ਵੱਧ ਹੈਰੋਇਨ ਬਰਾਮਦ; ਪੰਜ ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲੀਸ ਨੇ ਨਾਰਕੋ ਤਸਕਰੀ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਤਿੰਨ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।
ਪੁਲੀਸ ਨੇ ਮੁਲਜ਼ਮਾਂ ਦੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਨਵਪ੍ਰੀਤ ਸਿੰਘ ਉਰਫ ਨਵ ,ਵਾਸੀ ਪਿੰਡ ਪੰਡੋਰੀ ਰਣ ਸਿੰਘ ਥਾਣਾ ਝਬਾਲ ਤਰਨ ਤਾਰਨ, ਲਵਪ੍ਰੀਤ ਸਿੰਘ ਉਰਫ ਲਵ, ਗੁਰਲਾਲ ਸਿੰਘ, ਮਨਪ੍ਰੀਤ ਸਿੰਘ ਉਰਫ ਕਰਨ ਵਜੋਂ ਹੋਈ। ਇਹ ਸਾਰੇ ਹੀ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਹਨ, ਜਦੋਂ ਕਿ ਮਾਮਲੇ ਵਿੱਚ ਪੰਜਵੇਂ ਮੁਲਜ਼ਮ ਦੀ ਪਛਾਣ ਸਚਿਨ ਪ੍ਰੀਤ ਸਿੰਘ ਉਰਫ ਸਚਿਨ ਵਾਸੀ ਪਿੰਡ ਪੰਡੋਰੀ ਰਨ ਸਿੰਘ ਵਜੋਂ ਹੋਈ ਹੈ, ਜੋ ਕਿ ਇਸ ਵੇਲੇ ਗੋਇੰਦਵਾਲ ਜੇਲ੍ਹ ਵਿੱਚ ਬੰਦ ਸੀ ਅਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ
ਨੌਜਵਾਨ ਹਨ ਅਤੇ 18 ਸਾਲ ਤੋਂ 22 ਸਾਲ ਉਮਰ ਵਰਗ ਨਾਲ ਸਬੰਧਿਤ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਕਿਲੋ 32 ਗਰਾਮ ਹੈਰੋਇਨ ਬਰਾਮਦ ਕੀਤੀ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਛਾਉਣੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ 26 ਸਤੰਬਰ ਨੂੰ ਗ੍ਰਿਫ਼ਤਾਰ ਕੀਤੇ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਲਵ ਅਤੇ ਨਵਪ੍ਰੀਤ ਸਿੰਘ ਉਰਫ ਨਵ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਚਿਨ ਪ੍ਰੀਤ ਸਿੰਘ ਜੇਲ੍ਹ ਵਿੱਚੋਂ ਆਪਣੇ ਭਰਾ ਨਵਪ੍ਰੀਤ ਰਾਹੀਂ ਇਹ ਨਾਰਕੋ ਨੈਟਵਰਕ ਚਲਾ ਰਿਹਾ ਸੀ। ਮਨਪ੍ਰੀਤ ਖ਼ਿਲਾਫ਼ ਵੀ ਪਹਿਲਾਂ ਕਈ ਮਾਮਲੇ ਦਰਜ ਹਨ।
ਤਿੰਨ ਕਿਲੋ ਤੋਂ ਵੱਧ ਆਈਸ ਡਰੱਗ, ਹੈਰੋਇਨ ਤੇ ਡਰੋਨ ਬਰਾਮਦ
ਬੀਐੱਸਐੱਫ ਨੇ ਸਰਹੱਦ ਤੋਂ ਨਸ਼ੀਲਾ ਪਦਾਰਥ ਆਈਸ ਡਰੱਗ ਅਤੇ ਹੈਰੋਇਨ ਸਮੇਤ ਡਰੋਨ ਬਰਾਮਦ ਕੀਤਾ ਹੈ। ਬੀਐੱਸਐੱਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਦੇ ਚੌਕਸ ਜਵਾਨਾਂ ਨੇ ਅੱਜ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸਰਹੱਦੀ ਖੇਤਰ ਵਿੱਚ ਦੋ ਵੱਖ ਵੱਖ ਘਟਨਾਵਾਂ ਵਿੱਚ ਆਈਸ ਡਰੱਗ ਦੀ ਵੱਡੀ ਖੇਪ ਅਤੇ ਹੈਰੋਇਨ ਸਮੇਤ ਇੱਕ ਡਰੋਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਪਿੰਡ ਬੁਰਜ ਦੇ ਨੇੜੇ ਇੱਕ ਖੇਤਰ ਵਿੱਚੋਂ ਇੱਕ ਵੱਡਾ ਪੈਕੇਟ ਬਰਾਮਦ ਹੋਇਆ, ਜਿਸ ਵਿੱਚ ਤਿੰਨ ਕਿਲੋ 165 ਗ੍ਰਾਮ ਆਈਸ ਡਰੱਗ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਇੱਕ ਖਾਸ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਸੀ। ਬੀਐੱਸਐੱਫ ਵੱਲੋਂ ਇਸ ਖੇਤਰ ਵਿੱਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਪਿੰਡ ਬੁਰਜ ਦੇ ਨੇੜੇ ਇਲਾਕੇ ਵਿੱਚੋਂ ਇਹ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੂਜੀ ਘਟਨਾ ਵਿੱਚ ਬੀਐੱਸਐੱਫ ਵੱਲੋਂ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਤਰਨ ਤਾਰਨ ਦੇ ਪਿੰਡ ਡਲ ਦੇ ਨੇੜੇ ਲੱਗਦੇ ਇੱਕ ਖੇਤ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਹੈ। ਉਸ ਦੇ ਨਾਲ ਇੱਕ ਪੈਕੇਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚੋਂ 580 ਗਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਡਰੋਨ ਡੀਜੀਆਈ ਮੈਵਿਕ ਚਾਰ ਪ੍ਰੋ ਕਿਸਮ ਦਾ ਹੈ।