ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਿਰਫ ਮਹਾਪੁਰਸ਼ਾਂ ਦੀਆਂ ਤਸਵੀਰਾਂ ਲਾਈਆਂ ਜਾਣ: ਦਾਦੂਵਾਲ
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖ ਪੰਥ ਨੇ ਸ਼ਹਾਦਤਾਂ ਦੇ ਕੇ ਇਤਿਹਾਸਿਕ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਵਾਏ ਅਤੇ ਚੰਗੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਸੀ। ਸ਼੍ਰੋਮਣੀ ਕਮੇਟੀ ਦੇ ਚੁਣੇ ਪ੍ਰਬੰਧਕ ਗੁਰਦੁਆਰਿਆਂ ਦੇ ਮਾਲਕ ਨਹੀਂ ਸਗੋਂ ਕੇਅਰ ਟੇਕਰ ਸੇਵਾਦਾਰ ਹੁੰਦੇ ਹਨ ਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਤਿਹਾਸਿਕ ਗੁਰਦੁਆਰਿਆਂ ਦੇ ਚੰਗੇ ਪ੍ਰਬੰਧ ਦੇ ਨਾਲ ਨਾਲ ਧਰਮ ਪ੍ਰਚਾਰ ਪ੍ਰਸਾਰ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠ ਆਉਂਦੇ ਅਦਾਰਿਆਂ ਵਿੱਚ ਜੇ ਝੂਠ ਦਾ ਪਸਾਰ ਹੋਵੇ ਤਾਂ ਆਉਣ ਵਾਲੀ ਪੀੜ੍ਹੀ ਲਈ ਮੁਸੀਬਤ ਖੜ੍ਹੀ ਹੋ ਜਾਵੇਗੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖ ਪੰਥ ਦੀ ਇਤਿਹਾਸਿਕ ਵਿਰਾਸਤ ਹੈ ਜਿੱਥੇ ਸਿੱਖ ਪੰਥ ਲਈ ਕੁਰਬਾਨੀਆਂ ਕਰਨ ਤੇ ਸੇਵਾ ਸਿਮਰਨ ਕਰਨ ਵਾਲਿਆਂ ਦੀਆਂ ਯਾਦਾਂ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ ਪਰ ਮੌਜੂਦਾ ਸਮੇਂ ਪ੍ਰਬੰਧਕਾਂ ਦੀ ਅਣਗਹਿਲੀ ਜਾਂ ਮਨਮਾਨੀ ਨਾਲ ਅਜਾਇਬ ਘਰ ਵਿੱਚ ਝੂਠ ਪਰੋਸਿਆ ਜਾ ਰਿਹਾ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਕੇਂਦਰੀ ਅਜਾਇਬ ਘਰ ਵਿੱਚ ਸਿੱਖ ਪੰਥ ਲਈ ਕੁਰਬਾਨੀ ਕਰਨ ਵਾਲੇ ਯੋਧਿਆਂ ਸੇਵਾ ਸਿਮਰਨ ਧਰਮ ਪ੍ਰਚਾਰ ਪ੍ਰਸਾਰ ਕਰਨ ਵਾਲੇ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਨਾ ਕਿ ਪੰਥ ਨਾਲ ਗਦਾਰੀ ਕਰਨ ਵਾਲਿਆਂ ਦੀਆਂ ਤਸਵੀਰਾਂ ਕੇਂਦਰੀ ਅਜਾਇਬ ਘਰ ਵਿੱਚ ਲਾਈਆਂ ਜਾਣ।
