ਸਕੂਲਾਂ ਨੂੰ ਧਮਕੀ ਦੇਣ ਵਾਲੇ ਦਾ ਨਾ ਲੱਗਿਆ ਸੁਰਾਗ
ਇੱਥੋਂ ਦੇ ਵੱਖ-ਵੱਖ ਸਕੂਲਾਂ ਨੂੰ ਭੇਜੀਆਂ ਗਈਆਂ ਧਮਕੀ ਭਰੀਆਂ ਈਮੇਲਜ਼ ਮਾਮਲੇ ਵਿੱਚ 24 ਘੰਟੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਪੁਲੀਸ ਦੇ ਹੱਥ ਖਾਲੀ ਹਨ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਲਗਪਗ 15 ਸਕੂਲਾਂ ਨੂੰ ਧਮਕੀ ਵਾਲੇ ਈਮੇਲਜ਼ ਮਿਲੇ ਸਨ ਜਿਸ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਮੂਹ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਸੀ।
ਪੁਲੀਸ ਨੇ ਇਨ੍ਹਾਂ ਈਮੇਲਜ਼ ਦੇ ਮੂਲ ਦਾ ਪਤਾ ਲਗਾਉਣ ਲਈ ਇੱਕ ਸਾਫਟਵੇਅਰ ਕੰਪਨੀ ਤੋਂ ਰਿਪੋਰਟ ਮੰਗੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਸਫ਼ਲਤਾ ਮਿਲੇਗੀ।
ਕਾਬਿਲੇਗੌਰ ਹੈ ਕਿ ਪਿਛਲੇ ਸਾਲ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ਨੂੰ ਵੀ ਇਸੇ ਤਰ੍ਹਾਂ ਦੀਆਂ ਈਮੇਲਜ਼ ਮਿਲੀਆਂ ਸਨ। ਪੁਲੀਸ ਦੇ ਸਾਈਬਰ ਮਾਹਿਰਾਂ ਨੇ ਸੰਕੇਤ ਦਿੱਤਾ ਕਿ ਈਮੇਲ ਭੇਜਣ ਵਾਲੇ ਨੇ ਆਪਣੀ ਪਛਾਣ ਲੁਕਾਉਣ ਲਈ ਵਰਚੁਅਲ ਪ੍ਰਾਈਵੇਟ ਨੈੱਟਵਰਕ ਜਾਂ ਡਾਰਕ ਵੈੱਬ ਦੀ ਵਰਤੋਂ ਕੀਤੀ ਹੋ ਸਕਦੀ ਹੈ ਜਿਸ ਨਾਲ ਈਮੇਲ ਭੇਜਣ ਵਾਲੇ ਦਾ ਪਤਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਇਸ ਤੋਂ ਪਿਛਲੇ ਮਾਮਲਿਆਂ ਵਿੱਚ ਸਥਾਨਕ ਪੁਲੀਸ ਨੇ ਅਮਰੀਕਾ ਆਧਾਰਿਤ ਸਾਫਟਵੇਅਰ ਕੰਪਨੀ ਨੂੰ ਲਿਖਿਆ ਸੀ। ਇਸ ਵਾਰ ਵੀ ਪੁਲੀਸ ਨੇ ਸਾਫਟਵੇਅਰ ਕੰਪਨੀ ਨਾਲ ਸੰਪਰਕ ਕੀਤਾ ਅਤੇ ਉਹ ਜਵਾਬ ਦੀ ਉਡੀਕ ਕਰ ਰਹੇ ਹਨ। ਪੁਲੀਸ ਇਸ ਮਾਮਲੇ ਵਿੱਚ ਕੇਂਦਰੀ ਏਜੰਸੀਆਂ ਦੀ ਵੀ ਮਦਦ ਲੈ ਰਹੀ ਹੈ।
