ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਮਾਨ ਤੋਂ ਸੁਰੱਖਿਆ ਮੰਗੀ, ਚੁੱਪੀ ’ਤੇ ਚੁੱਕੇ ਸਵਾਲ
ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲੇ ਬਿਆਨ ਨਾਲ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਕਵਰ ਦੀ ਮੰਗ ਕੀਤੀ ਹੈ। ਕੌਰ ਨੇ ਮੁੱਖ ਮੰਤਰੀ ਦੀ ਚੁੱਪੀ ’ਤੇ ਵੀ ਸਵਾਲ ਚੁੱਕਿਆ ਕਿ ਜੋ ਮੁੱਦੇ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਉਠਾਏ ਸਨ, ਉਨ੍ਹਾਂ ਦਾ ਕੋਈ ਜਵਾਬ ਕਿਉਂ ਨਹੀਂ ਦਿੱਤਾ ਗਿਆ ਅਤੇ ਮੁੱਖ ਮੰਤਰੀ ’ਤੇ "ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਸਹੂਲਤ ਦੇਣ" ਦਾ ਦੋਸ਼ ਲਗਾਇਆ।
ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਪੁੱਠੇ ਸਿੱਧੇ ਬਿਆਨ ਦਵੋ ਅਤੇ ਫਿਰ ਸੁਰੱਖਿਆ ਮੰਗਣ ਲੱਗ ਜਾਵੋ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਦੀ ਕੁਰਸੀਆਂ ਦੀ ਕੀਮਤ ਲੱਗਦੀ ਹੈ ਅਤੇ ਪਹਿਲਾਂ ਵੀ ਮੁੱਖ ਮੰਤਰੀ ਕੀਮਤ ਅਦਾ ਕਰਕੇ ਹੀ ਕੁਰਸੀ ਲੈਂਦੇ ਰਹੇ ਹਨ।
ਨਵਜੋਤ ਕੌਰ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਹਨ। "ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ" ਵਾਲੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਸੀ।
ਸ਼ੁੱਕਰਵਾਰ ਰਾਤ ਨੂੰ 'X' (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਵਿੱਚ ਕੌਰ ਨੇ ਕਿਹਾ, "ਸੀ.ਐੱਮ. ਭਗਵੰਤ ਮਾਨ ਜੀ, ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਕੁਝ ਸੁਰੱਖਿਆ ਦੀ ਲੋੜ ਹੈ, ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਅਤੇ ਕਿਰਪਾ ਕਰਕੇ ਜਵਾਬ ਦਿਓ ਕਿ ਪੰਜਾਬ ਦੇ ਮਾਨਯੋਗ ਰਾਜਪਾਲ ਸਾਹਮਣੇ ਮੇਰੇ ਦੁਆਰਾ ਉਠਾਏ ਗਏ ਮੁੱਦਿਆਂ 'ਤੇ ਤੁਹਾਡੇ ਵੱਲੋਂ ਕੋਈ ਜਵਾਬ ਕਿਉਂ ਨਹੀਂ ਆਇਆ? ਤੁਸੀਂ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਸਹੂਲਤ ਕਿਉਂ ਦੇ ਰਹੇ ਹੋ?"
ਇਸ ਦੇ ਨਾਲ ਉਨ੍ਹਾਂ ਨੇ ਉਸ ਮੈਮੋਰੰਡਮ ਦੀ ਇੱਕ ਕਾਪੀ ਵੀ ਪੋਸਟ ਕੀਤੀ ਜਿਸ ਵਿੱਚ ਉਹ ਮੁੱਦੇ ਦੱਸੇ ਗਏ ਸਨ ਜੋ ਉਨ੍ਹਾਂ ਨੇ ਆਪਣੀ ਹਾਲੀਆ ਮੁਲਾਕਾਤ ਵਿੱਚ ਪੰਜਾਬ ਦੇ ਰਾਜਪਾਲ ਕੋਲ ਉਠਾਏ ਸਨ। ਇਸ ਵਿੱਚ ਕੌਰ ਨੇ ਭਗਵੰਤ ਮਾਨ ਸਰਕਾਰ ਵੱਲੋਂ ਚਲਾਏ ਜਾ ਰਹੇ ਇੱਕ ਜ਼ਮੀਨ ਘੁਟਾਲੇ ਦਾ ਦੋਸ਼ ਲਗਾਇਆ ਸੀ।
