ਨਮੀਸ਼ ਸਰੀਨ ਕਤਲ ਮਾਮਲਾ: ਪੰਜਾਬ ਪੁਲੀਸ ਵੱਲੋਂ ਤਿੰਨ ਗ੍ਰਿਫ਼ਤਾਰ, ਹਥਿਆਰ ਬਰਾਮਦ
ਇਸ ਸਬੰਧੀ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਆਧੁਨਿਕ ਹਥਿਆਰ ਬਰਾਮਦ ਕੀਤੇ। ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਜੀਪੀਐਸ ਭੁੱਲਰ ਨੇ ਦੱਸਿਆ,‘‘ਖੇਤਰ ਵਿੱਚ ਇੱਕ ਬਹੁਤ ਹੀ ਪ੍ਰਮੁੱਖ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਜਿਸ ਸਬੰਧੀ 18 ਸਤੰਬਰ ਨੂੰ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਕੇਸ ਨੂੰ ’ਤੇ ਤੇਜ਼ੀ ਨਾਲ ਕੰਮ ਕਰਦਿਆਂ ਅਸੀਂ ਦੋਸ਼ੀਆਂ ਤੱਕ ਪਹੁੰਚੇ ਅਤੇ ਬਟਾਲਾ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਬਟਾਲਾ ਤੋਂ ਗ੍ਰਿਫ਼ਤਾਰ ਕੀਤਾ।’’
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਹਥਿਆਰਾਂ ਦੀ ਬਰਾਮਦਗੀ ਲਈ ਮੁਲਜ਼ਮਾਂ ਲਿਜਾਇਆ ਗਿਆ ਤਾਂ ਅਸੀਂ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ।
ਮੁੱਖ ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਮਜੀਠੀਆ ਰੋਡ ਦੇ ਰਹਿਣ ਵਾਲੇ ਸੁਧਾਂਸ਼ੂ ਸ਼ਰਮਾ ਉਰਫ਼ ਬ੍ਰਾਹਮਣ ਵਜੋਂ ਹੋਈ ਹੈ। ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਮੁਲਜ਼ਮਾਂ ਦੀ ਪਛਾਣ ਰਜਤ ਉਰਫ਼ ਬੱਬਰ ਵਾਸੀ ਮਜੀਠੀਆ ਰੋਡ ਅੰਮ੍ਰਿਤਸਰ ਅਤੇ ਆਦਿਤਿਆ ਕੁਮਾਰ ਵਾਸੀ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ।
ਪੁਲੀਸ ਦੇ ਅਨੁਸਾਰ ਸੁਧਾਂਸ਼ੂ ਸ਼ਰਮਾ ਨੇ ਕਤਲ ਦੌਰਾਨ ਜ਼ਿਆਦਾਤਰ ਗੋਲੀਆਂ ਚਲਾਈਆਂ। ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਸੀਨੀਅਰ ਕਾਂਸਟੇਬਲ ਗੁਰਇਕਬਾਲ ਸਿੰਘ ਦਾ ਸਰਵਿਸ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਮੁਲਾਜ਼ਮਾਂ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਐੱਸਐੱਚਓ ਨੇ ਸਵੈ-ਰੱਖਿਆ ਵਿੱਚ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਮੁਲਜ਼ਮ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।