ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਜਲੌ ਵੀ ਸਜਾਏ; ਰਾਤ ਨੂੰ ਦੀਪ ਮਾਲਾ ਹੋਵੇਗੀ ਅਤੇ ਆਤਿਸ਼ਬਾਜ਼ੀ ਵੀ ਚੱਲੇਗੀ
ਅੰਮ੍ਰਿਤਸਰ ਵਿਚ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਨਗਰ ਕੀਰਤਨ ਵਿਚ ਜੁੜਿਆ ਸੰਗਤਾਂ ਦਾ ਸੈਲਾਬ। ਫੋਟੋਆਂ : ਵਿਸ਼ਾਲ ਕੁਮਾਰ
Advertisement

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਤੱਕ ਨਗਰ ਕੀਰਤਨ ਸਜਾਇਆ ਗਿਆ ਹੈ। ਇਸ ਸਬੰਧ ਵਿੱਚ ਸਵੇਰੇ ਪਹਿਲਾਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਹੁਕਮਨਾਮਾ ਲਿਆ ਗਿਆ।

Advertisement

ਪੁਰਾਤਨ ਪਰੰਪਰਾ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਪਾਵਨ ਸਰੂਪ ਨੂੰ ਆਪਣੇ ਸਿਰ ’ਤੇ ਪਾਲਕੀ ਤੱਕ ਲਿਆਏ ਅਤੇ ਪਾਵਨ ਸਰੂਪ ਨੂੰ ਸੁੰਦਰ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਧਿਕਾਰੀ ਸਮੇਤ ਸੰਗਤ ਹਾਜ਼ਰ ਸਨ।

ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਤੱਕ ਨਗਰ ਕੀਰਤਨ ਦੇ ਮਾਰਗ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਸੰਗਤਾਂ ਦੇ ਜੈਕਾਰੇ , ਬੈਂਡ ਦੀਆਂ ਸ਼ਬਦੀ ਧੁਨਾਂ ਅਤੇ ਸੰਗਤ ਦੇ ਭਾਰੀ ਉਤਸ਼ਾਹ ਨਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਇਆ।

ਇਸ ਸਬੰਧ ਵਿੱਚ ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਜਲੌ ਵੀ ਸਜਾਏ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸੁੰਦਰ ਸਜਾਵਟ ਵੀ ਕੀਤੀ ਗਈ ਹੈ, ਜੋ ਕਿ ਸੰਗਤ ਦੀ ਵੱਡੀ ਖਿੱਚ ਦਾ ਕੇਂਦਰ ਹੈ। ਮੀਂਹ ਦੇ ਬਾਵਜੂਦ ਸੰਗਤ ਵਿੱਚ ਗੁਰਪੁਰਬ ਸਬੰਧੀ ਭਾਰੀ ਉਤਸ਼ਾਹ ਹੈ।

ਇਸ ਸਬੰਧ ਵਿੱਚ ਰਾਤ ਨੂੰ ਦੀਪ ਮਾਲਾ ਹੋਵੇਗੀ ਅਤੇ ਆਤਿਸ਼ਬਾਜ਼ੀ ਵੀ ਚੱਲੇਗੀ। ਇਸ ਦੌਰਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਦੀਵਾਨ ਵੀ ਸਜਾਏ ਜਾ ਰਹੇ ਹਨ।

ਜਥੇਦਾਰ ਗੜਗੱਜ ਵੱਲੋਂ ਸਿੱਖ ਕੌਮ ਨੂੰ ਪ੍ਰਕਾਸ਼ ਪੁਰਬ ਦੀ ਵਧਾਈ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਇਸ ਪੁਰਬ ਦੀ ਵਧਾਈ ਦਿੰਦਿਆਂ ਸੰਦੇਸ਼ ਦਿੱਤਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨ, ਸਤਿਕਾਰ ਅਤੇ ਆਦਰ ਨੂੰ ਧਿਆਨ ਵਿੱਚ ਰੱਖਦਿਆਂ ਗੁਰਬਾਣੀ ਦੇ ਆਸੇ ਅਨੁਸਾਰ ਆਪਣਾ ਜੀਵਨ ਜਿਉਣ। ਉਨ੍ਹਾਂ ਨੇ ਖਾਸ ਕਰਕੇ ਵਿਦੇਸ਼ ਵਸਦੀ ਸਿੱਖ ਸੰਗਤ ਨੂੰ ਆਖਿਆ ਕਿ ਕਿਸੇ ਵੀ ਸ਼ਰਧਾਲੂ ਨੂੰ ਗੁਰੂ ਘਰ ਵਿਚ ਨਤਮਸਤਕ ਹੋਣ ਅਤੇ ਗੁਰੂ ਦੇ ਦਰਸ਼ਨ ਕਰਨ ਲਈ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਮੁੱਚੀ ਲੁਕਾਈ ਇੱਕ ਪਰਮਾਤਮਾ ਦੀ ਸੰਤਾਨ ਹੈ ਅਤੇ ਸਾਰੇ ਇੱਕ ਦੂਜੇ ਦੇ ਭੈਣ ਭਾਈ ਹਨ। ਇਸ ਲਈ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਨਤਮਸਤਕ ਹੋਣ ਤੋਂ ਕਦੇ ਵੀ ਰੋਕਿਆ ਨਹੀਂ ਜਾ ਸਕਦਾ।

Advertisement
Tags :
amritsarGolden Temple AmritsarNagar KirtanSri Guru Granth Sahibਅਕਾਲ ਤਖ਼ਤਅੰਮ੍ਰਿਤਸਰਸ੍ਰੀ ਗੁਰੂ ਗ੍ਰੰਥ ਸਾਹਿਬਹਰਿਮੰਦਰ ਸਾਹਿਬਨਗਰ ਕੀਰਤਨਪ੍ਰਕਾਸ਼ ਪੁਰਬ