ਨਗਰ ਨਿਗਮ ਨੇ ਗੁਰੂ ਨਗਰੀ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਵਿੱਢੀ
ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਸਫਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ 10 ਦਿਨਾਂ ਦਾ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕੀਤਾ ਗਿਆ ਹੈ। ਇਸ ਮਕਸਦ ਲਈ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਇਤਿਹਾਸਕ ਰਾਮ ਬਾਗ ਦਾ ਦੌਰਾ ਕੀਤਾ, ਜਿਥੇ ਹਰ ਰੋਜ਼ ਸੈਂਕੜੇ ਨਾਗਰਿਕ ਸਵੇਰੇ ਦੀ ਸੈਰ ਲਈ ਆਉਂਦੇ ਹਨ। ਉਨ੍ਹਾਂ ਨੇ ਲੋਕਾਂ ਅਤੇ ਥੜੀਆਂ ਵਾਲਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਦਾ ਉਪਯੋਗ ਨਾ ਕਰਨ, ਕਿਉਂਕਿ ਇਸ ’ਤੇ ਸ਼ਹਿਰ ਵਿੱਚ ਪੂਰੀ ਤਰ੍ਹਾਂ ਪਾਬੰਦੀ ਹੈ। ਇਹ ਵਿਸ਼ੇਸ਼ ਅਭਿਆਨ ਸ਼ਹਿਰ ਦੇ ਸਾਰੇ ਮੁੱਖ ਰਿਹਾਇਸ਼ੀ, ਵਪਾਰਕ ਅਤੇ ਜਨਤਕ ਇਲਾਕਿਆਂ ਨੂੰ ਸਮੇਟਦਾ ਹੈ, ਜਿਸ ਵਿੱਚ ਸੜਕਾਂ, ਬਾਜ਼ਾਰ, ਪਾਰਕ, ਸਰਕਾਰੀ ਦਫ਼ਤਰ ਅਤੇ ਪਬਲਿਕ ਟਾਇਲਟ ਸ਼ਾਮਲ ਹਨ।ਜਿਥੇ ਵਧੇਰੇ ਭੀੜ ਹੁੰਦੀ ਹੈ ਜਾਂ ਗੰਦੀਆਂ ਥਾਵਾਂ ਅਤੇ ਪਾਣੀ ਭਰਨ ਵਾਲੀਆਂ ਥਾਵਾਂ ਦੀ ਸਮੱਸਿਆ ਹੈ, ਉਧਰ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਵਾਧੂ ਸਫਾਈ ਕਰਮਚਾਰੀਆਂ ਅਤੇ ਮਸ਼ੀਨਰੀ ਦੀ ਤਾਇਨਾਤੀ, ਸੀਨੀਅਰ ਅਧਿਕਾਰੀਆਂ ਵਲੋਂ ਰੋਜ਼ਾਨਾ ਨਿਗਰਾਨੀ ਲੋਕ ਸ਼ਮੂਲੀਅਤ ਲਈ ਜਾਗਰੂਕਤਾ, ਪੁਰਾਣੀਆਂ, ਗੰਦੀਆਂ ਅਤੇ ਗੈਰਕਾਨੂੰਨੀ ਥਾਵਾਂ ਤੋਂ ਕੂੜਾ ਹਟਾਉਣਾ, ਮੱਛਰ ਪੈਦਾ ਕਰਨ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕੀਟਨਾਸ਼ਕ ਛਿੜਕਾਅ ਅਤੇ ਫਾਗਿੰਗ ‘ਤੇ ਕਮਿਸ਼ਨਰ ਸ਼ੇਰਗਿੱਲ ਨੇ ਕਿਹਾ, ‘‘ਸਫਾਈ ਸਾਂਝੀ ਜ਼ਿੰਮੇਵਾਰੀ ਹੈ ਅਤੇ ਨਾਗਰਿਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਹੀ ਅਸੀਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖ ਸਕਦੇ ਹਾਂ। ਇਹ ਕੇਵਲ ਇੱਕ ਮੁਹਿੰਮ ਨਹੀਂ, ਸਗੋਂ ਅੰਮ੍ਰਿਤਸਰ ਵਿੱਚ ਲੰਬੇ ਸਮੇਂ ਲਈ ਸਫਾਈ ਦੀ ਸੰਸਕ੍ਰਿਤੀ ਨੂੰ ਵਧਾਵਣ ਵੱਲ ਇੱਕ ਕਦਮ ਹੈ।’’ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੜਕਾਂ ‘ਤੇ ਟੋਇਆਂ ਨੂੰ ਭਰਿਆ ਜਾ ਰਿਹਾ ਹੈ ਅਤੇ ਨਿਕਾਸੀ ਦਾ ਕੰਮ ਵੀ ਜਾਰੀ ਹੈ। ਹੌਰਟੀਕਲਚਰ ਦੇ ਕੰਮ ਤਹਿਤ ਪਾਰਕਾਂ ਅਤੇ ਸੜਕਾਂ ਦੇ ਵਿਚਕਾਰ ਵਧੇ ਹੋਏ ਘਾਹ ਦੀ ਕਟਾਈ ਵੀ ਕੀਤੀ ਜਾ ਰਹੀ ਹੈ। ਨਗਰ ਨਿਗਮ ਨੇ ਸਾਰੇ ਨਿਵਾਸੀਆਂ, ਵਪਾਰੀ ਭਾਈਚਾਰੇ ਤੇ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।