ਇੰਡੀਗੋ ਦੀਆਂ ਅੱਜ 500 ਤੋਂ ਵੱਧ ਉਡਾਣਾਂ ਰੱਦ
ਦੇਸ਼ ਭਰ ਵਿਚ ਇੰਡੀਗੋ ਹਵਾਈ ਉਡਾਣਾਂ ਦਾ ਸੰਕਟ ਹੋਰ ਵਧ ਗਿਆ ਹੈ। ਇੰਡੀਗੋ ਦੀਆਂ ਅੱਜ ਪੰਜ ਸੌ ਦੇ ਕਰੀਬ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਸਵਾ ਦੋ ਸੌ ਉਡਾਣਾਂ ਦਿੱਲੀ ਤੇ 102 ਉਡਾਣਾਂ ਬੰਗਲੁਰੂ ਵਿਚ ਰੱਦ ਕੀਤੀਆਂ ਗਈਆਂ ਹਨ। ਕਈ ਉਡਾਣਾਂ ਹੋਰ ਹਵਾਈ ਅੱਡਿਆਂ ’ਤੇ ਵੀ ਰੱਦ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਹੈਦਰਾਬਾਦ ਤੇ ਪੁਣੇ ਵਿਚ 32-32 ਉਡਾਣਾਂ ਸ਼ਾਮਲ ਹਨ। ਵੱਡੀ ਗਿਣਤੀ ਉਡਾਣਾਂ ਦੇਰੀ ਨਾਲ ਵੀ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਦਿੱਲੀ ਹਵਾਈ ਅੱਡੇ ਨੇ ਸ਼ੁੱਕਰਵਾਰ ਨੂੰ ਯਾਤਰੀਆਂ ਲਈ ਸਲਾਹ ਜਾਰੀ ਕਰਦਿਆਂ ਯਾਤਰੀਆਂ ਨੂੰ ਕੁਝ ਘਰੇਲੂ ਉਡਾਣਾਂ ਪ੍ਰਭਾਵਿਤ ਹੋਣ ਦੀਆਂ ਚੁਣੌਤੀਆਂ ਪ੍ਰਤੀ ਸੁਚੇਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਏਅਰਲਾਈਨ ਦੀਆਂ ਲਗਾਤਾਰ ਚੌਥੇ ਦਿਨ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਇਹ ਏਅਰਲਾਈਨ ਪਾਇਲਟਾਂ ਤੇ ਅਮਲੇ ਦੀ ਘਾਟ ਨਾਲ ਜੂਝ ਰਹੀ ਹੈ।
ਦਿੱਲੀ ਹਵਾਈ ਅੱਡੇ ਨੇ ਕਿਹਾ, ‘ਕ੍ਰਿਪਾ ਕਰਕੇ ਧਿਆਨ ਰੱਖੋ ਕਿ ਕੁਝ ਘਰੇਲੂ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸੰਚਾਲਨ ਚੁਣੌਤੀਆਂ ਦੇ ਨਤੀਜੇ ਵਜੋਂ ਉਡਾਣ ਵਿੱਚ ਦੇਰੀ ਹੋ ਸਕਦੀ ਹੈ ਅਤੇ ਕਈ ਉਡਾਣਾਂ ਰੱਦ ਹੋ ਰਹੀਆਂ ਹਨ। ਅਸੀਂ ਯਾਤਰੀਆਂ ਨੂੰ ਹਵਾਈ ਅੱਡੇ ਲਈ ਰਵਾਨਗੀ ਤੋਂ ਪਹਿਲਾਂ ਆਪਣੀ ਏਅਰਲਾਈਨ ਨਾਲ ਸਿੱਧੇ ਤੌਰ ’ਤੇ ਆਪਣੀ ਉਡਾਣ ਸਥਿਤੀ ਦੀ ਪੁਸ਼ਟੀ ਕਰਨ ਦੀ ਜ਼ੋਰਦਾਰ ਸਿਫਾਰਸ਼ ਕਰਦੇ ਹਾਂ। ਸਾਡੀਆਂ ਸਮਰਪਿਤ ਟੀਮਾਂ ਯਾਤਰੀਆਂ ਦੇ ਆਰਾਮਦਾਇਕ ਸਫਰ ਨੂੰ ਯਕੀਨੀ ਬਣਾਉਣ ਲਈ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।’
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਿਯਮਿਤ ਤੌਰ ’ਤੇ ਸਬੰਧਤ ਏਅਰਲਾਈਨਾਂ ਨਾਲ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਅਤੇ ਖੱਜਲ-ਖੁਆਰੀ ਤੋਂ ਬਚਣ ਲਈ ਉਸ ਅਨੁਸਾਰ ਯੋਜਨਾ ਬਣਾਉਣ।
ਦੂਜੇ ਪਾਸੇ ਯਾਤਰੀਆਂ ਨੇ ਏਅਰਲਾਈਨ ਤੇ ਹਵਾਈ ਅੱਡਾ ਪ੍ਰਬੰਧਕਾਂ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹਵਾਈ ਉਡਾਣਾਂ ਵਿਚ ਦੇਰੀ ਬਾਰੇ ਉਨ੍ਹਾਂ ਨੂੰ ਸੂਚਿਤ ਵੀ ਨਹੀਂ ਕੀਤਾ ਰਿਹਾ ਤੇ ਉਹ ਖੱਜਲ ਖੁਆਰ ਹੋ ਰਹੇ ਹਨ।
