ਪੰਜਾਬ ਦੇ ਸਕੂਲਾਂ ਵਿੱਚ 50 ਫੀਸਦੀ ਤੋਂ ਵੱਧ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ
1927 ਵਿੱਚੋਂ 984 ਸੀਟਾਂ ਖਾਲੀ, ਸਿੱਖਿਆ ਪ੍ਰਣਾਲੀ ਹੋ ਰਹੀ ਪ੍ਰਭਾਵਿਤ
Advertisement
ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਵੱਡੇ ਪੱਧਰ ’ਤੇ ਖਾਲੀ ਪਈਆਂ ਪੋਸਟਾਂ ਸਰਕਾਰ ਦੀ ਸਿੱਖਿਆ ਨੀਤੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਜਾਰੀ ਤਾਜ਼ਾ ਵੇਰਵੇ ਦਰਸਾਉਂਦੇ ਹਨ ਕਿ ਸੂਬੇ ਵਿੱਚ ਕੁੱਲ 1927 ਪ੍ਰਿੰਸੀਪਲਾਂ ਦੇ ਅਹੁਦੇ ਹਨ ਜਿਨ੍ਹਾਂ ਵਿੱਚੋਂ 984 ਸੀਟਾਂ ਖਾਲੀ ਪਈਆਂ ਹਨ।
ਸਕੂਲਾਂ ਵਿਚ ਸਿਰਫ 943 ਪ੍ਰਿੰਸੀਪਲ ਕੰਮ ਕਰ ਰਹੇ ਹਨ। ਪੰਜਾਬ ਦੇ ਸਕੂਲਾਂ ਦਾ ਆਲਮ ਇਹ ਹੈ, ਕਿ ਇਨ੍ਹਾਂ ਕੋਲ ਪੱਕੇ ਪ੍ਰਿੰਸੀਪਲ ਨਾਂ ਹੋਣ ਕਾਰਨ ਸਕੂਲ ਇੰਚਾਰਜਾਂ ਦੇ ਸਹਾਰੇ ਗੱਡਾ ਰੋੜਿਆ ਜਾ ਰਿਹਾ। ਜਿਸ ਕਾਰਨ ਪ੍ਰਿੰਸੀਪਲ ਦੀ ਗੈਰ-ਮੌਜੂਦਗੀ ਵਿੱਚ ਕਈ ਸਕੂਲਾਂ ਦਾ ਪ੍ਰਬੰਧਨ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋ ਰਹੇ ਹਨ।
ਪੰਜਾਬ ਦੇ ਸੁਮੱਚੇ ਸੂਬੇ ਤੇ ਜਿਲ੍ਹਿਆਂ ਵਿੱਚ ਝਾਤ ਮਾਰੀ ਜਾਵੇ ਤਾਂ ਇਕੱਲੇ ਮੁਹਾਲੀ ਜ਼ਿਲ੍ਹੇ ਦੇ ਸਕੂਲਾਂ ਵਿੱਚ ਰਾਹਤ ਹੈ। ਇਸ ਜ਼ਿਲ੍ਹੇ ਵਿਚ 47 ਪੋਸਟਾਂ ਵਿਚੋਂ 44 ’ਤੇ ਪੱਕੇ ਪ੍ਰਿੰਸੀਪਲ ਕੰਮ ਕਰ ਰਹੇ ਹਨ ਜਦੋਂ ਕਿ ਸਿਰਫ 3 ਪੋਸਟਾਂ ਹੀ ਖਾਲੀ ਹਨ।
ਇਸ ਦੇ ਉਲਟ ਸੂਬੇ ਦੂਜੇ ਜਿਲ੍ਹਿਆਂ ਦੇ ਹਾਲਾਤ ਬਹੁਤੇ ਵਧੀਆ ਨਹੀਂ ਹਨ। ਪੰਜਾਬ ਦਾ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਵਿੱਚ 181 ਸਕੂਲਾਂ ਵਿੱਚੋਂ ਕੇਵਲ 77 ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਪੋਸਟਾਂ ਹੀ ਭਰੀਆਂ ਹਨ, ਜਦੋਂ ਕਿ 104 ਸਕੂਲ ਹਾਲੇ ਵੀ ਪੱਕੇ ਪ੍ਰਿੰਸੀਪਲਾਂ ਤੋਂ ਵਾਂਝੇ ਹਨ।
ਇਸ ਤਰ੍ਹਾਂ ਹੀ ਪਟਿਆਲਾ 109 ਵਿੱਚੋਂ ਸਿਰਫ਼ 25 ਪੋਸਟਾਂ ਭਰੀਆਂ ਹਨ ਅਤੇ ਜ਼ਿਲ੍ਹਾ ਮਾਨਸਾ ’ਚ 73 ਪੋਸਟਾਂ ਵਿੱਚੋਂ 60 ਖਾਲੀ ਹਨ ਭਾਵ 13 ਪੋਸਟਾਂ ਤੇ ਪ੍ਰਿੰਸੀਪਲ ਕੰਮ ਕਰ ਰਹੇ ਹਨ। ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿਚ ਕੁੱਲ 47 ਪੋਸਟਾਂ ਵਿੱਚੋਂ 18 ਖਾਲੀ ਹਨ ਅਤੇ 29 ਪੋਸਟਾਂ ਤੇ ਪ੍ਰਿੰਸੀਪਲ ਉਪਲਬਧ ਹਨ। ਜ਼ਿਲ੍ਹਾ ਅੰਮ੍ਰਿਤਸਰ ਵਿਚ 119 ਵਿੱਚੋਂ 46 ਪੋਸਟਾਂ ਭਰੀਆਂ ਹਨ, ਜਦੋਂ ਕਿ 73 ਪੋਸਟਾਂ ਖਾਲੀ ਹਨ।
ਹੁਸ਼ਿਆਰਪੁਰ 130 ਵਿੱਚੋਂ 59 ਪੋਸਟਾਂ ਭਰੀਆਂ ਹਨ ਜਦੋਂ ਕਿ 71 ਪੋਸਟਾਂ ਖਾਲੀ ਹਨ। ਬਠਿੰਡਾ 129 ਵਿੱਚੋਂ 80 ਭਰੀਆਂ ਅਤੇ 49 ਖਾਲੀ ਹਨ। ਉਧਰ ਮੋਗਾ ਵਿਚ 84 ਵਿੱਚੋਂ 58 ਪੋਸਟਾਂ ਭਰੀਆਂ ਹਨ, ਜਦੋਂ ਕਿ 26 ਖਾਲੀ ਪੋਸਟਾਂ ਹਨ। ਜਲੰਧਰ ਵਿੱਚ 159 ਵਿੱਚੋਂ 95 ਪੋਸਟਾਂ ਭਰੀਆਂ ਹਨ ਜਦੋਂ ਕਿ 64 ਪੋਸਟਾਂ ਖਾਲੀ ਪਈਆਂ ਹਨ।
ਨਵੇਂ ਬਣੇ ਜ਼ਿਲ੍ਹੇ ਮਾਲੇਰਕੋਟਲਾ ਦਾ ਹਾਲ ਕੋਈ ਬਹੁਤ ਵਧੀਆ ਨਹੀਂ ਜਾਪਦਾ ਇਸ ਜ਼ਿਲ੍ਹੇ ਵਿੱਚ 27 ਵਿੱਚੋਂ 12 ਪੋਸਟਾਂ ਖਾਲੀ ਹਨ। ਫਾਜ਼ਿਲਕਾ ਵਿਚ 27 ਵਿਚੋਂ 15 ਪੋਸਟਾਂ ਖਾਲੀ ਅਤੇ 58 ਪੋਸਟਾਂ ਤੇ ਪ੍ਰਿੰਸੀਪਲ ਹਨ। ਫਰੀਦਕੋਟ ਵਿਚ ਸਿਰਫ 12 ਪੋਸਟਾਂ ’ਤੇ ਹੀ ਪ੍ਰਿੰਸੀਪਲ ਕੰਮ ਕਰ ਰਹੇ ਹਨ, ਜਦੋਂ ਕਿ ਇੱਕੇ ਕੁੱਲ ਅਸਾਮੀਆਂ ਦੀ ਗਿਣਤੀ 42 ਹੈ। ਫਤਹਿਗੜ ਸਾਹਿਬ ਵਿਚ 44 ਪੋਸਟਾਂ ਵਿਚੋਂ 16 ਪੋਸਟਾਂ ਖਾਲੀ ਹਨ। ਫ਼ਿਰੋਜਪੁਰ ਵਿਚ ਕੁੱਲ 64 ਵਿੱਚੋਂ 36 ਪੋਸਟਾਂ ਖਾਲੀ ਹਨ। ਕਪੂਰਥਲਾ ਵਿਚ 62 ਪੋਸਟਾਂ ਵਿਚ 44 ਖਾਲੀ 18 ਪੋਸਟਾਂ ਭਰੀਆਂ ਹਨ।
ਸ਼੍ਰੀ ਮੁਕਤਸਰ ਸਾਹਿਬ ਵਿੱਚ 88 ਵਿੱਚੋਂ 32 ਖਾਲੀ 56 ਭਰੀਆਂ ਹਨ।ਐੱਸਬੀਐੱਸ ਨਗਰ 52 ਵਿੱਚੋਂ 35 ਖਾਲੀ 17 ਭਰੀਆਂ ਹਨ। ਸੰਗਰੂਰ ਵਿਚ 95 ਵਿੱਚੋ 65 ਪੋਸਟਾਂ ਖਾਲੀ। ਬਰਨਾਲਾ ਵਿਚ 47 ਵਿੱਚੋ 36 ਪੋਸਟਾਂ ਖਾਲੀ ਹਨ ਅਤੇ ਸਿਰਫ 11 ਪੋਸਟਾਂ ਹੀ ਭਰੀਆਂ ਹਨ। ਰੂਪਨਗਰ ਵਿੱਚ 55 ਵਿੱਚੋ 18 ਖਾਲੀ ਅਤੇ 37 ਪੋਸਟਾਂ ਭਰੀਆਂ ਹਨ। ਤਰਨਤਾਰਨ ਵਿਚ ਕੁੱਲ 77 ਵਿੱਚੋਂ 55 ਖਾਲੀ 22 ਪੋਸਟਾਂ ਭਰੀਆਂ ਹਨ। ਗੁਰਦਾਸਪੁਰ ਵਿਚ 117 ਵਿੱਚੋਂ 60 ਪੋਸਟਾਂ ਖਾਲੀ 57 ਤੇ ਪ੍ਰਿੰਸੀਪਲ ਕੰਮ ਕਰ ਰਹੇ ਹਨ।
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਨੇ ਕਿਹਾ ਸਰਕਾਰ ਜੇ ਸੱਚ ਮੁੱਚ ਹੀ ਸਿੱਖਿਆ ਵਿੱਚ ਅਸਲੀਅਤ ਵਿੱਚ ਬਦਲਾਅ ਲਿਆਉਣਾ ਚਾਹੁੰਦੀ ਹੈ, ਤਾਂ ਪ੍ਰਿੰਸੀਪਲ, ਹੈਡ ਮਾਸਟਰ ਅਤੇ ਬੀਪੀਓ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਉਨ੍ਹਾਂ ਇਹ ਵੀ ਕਿਹਾ ਸਕੂਲਾਂ ਵਿੱਚ ਅਧਿਆਪਕ ਵਰਗ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ’ਤੇ ਵੀ ਰੋਕ ਲਾਈ ਜਾਵੇ।
Advertisement
Advertisement