ਸ਼ਹੀਦੀ ਸ਼ਤਾਬਦੀ: ਦਿੱਲੀ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਨਾਲ ਚਰਚਾ
ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਇਸ ਸਬੰਧ ਵਿੱਚ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਵੀ ਭੇਜਿਆ ਗਿਆ ਸੀ, ਜਿਸ ਵਿੱਚ ਸ਼ਤਾਬਦੀ ਸਮਾਗਮਾਂ ਦਾ ਮੁੱਖ ਸਮਾਗਮ ਦਿੱਲੀ ਵਿੱਚ ਕਰਨ ਅਤੇ ਇਹ ਸਮਾਗਮਾਂ ਦੀ ਅਗਵਾਈ ਕਰਨ ਦੀ ਅਪੀਲ ਕੀਤੀ ਸੀ। ਫ਼ਿਲਹਾਲ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਦਿੱਲੀ ਕਮੇਟੀ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ, ਪਰ ਇਸ ਦੌਰਾਨ ਦਿੱਲੀ ਕਮੇਟੀ ਨੇ ਅੱਜ ਅੰਮ੍ਰਿਤਸਰ ਵਿੱਚ ਇਸ ਸਬੰਧੀ ਇੱਕ ਮੀਟਿੰਗ ਕੀਤੀ ਹੈ।
ਅੱਜ ਇੱਥੇ ਦਿੱਲੀ ਕਮੇਟੀ ਨੇ ਇਹ ਮੀਟਿੰਗ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਕੀਤੀ ਜਿਸ ਵਿੱਚ ਸ਼੍ਰੋਮਣੀ ਕਮੇਟੀ, ਹਰਿਆਣਾ ਕਮੇਟੀ, ਨਿਹੰਗ ਜਥੇਬੰਦੀਆਂ ਤੇ ਹੋਰ ਸੰਪਰਦਾਵਾਂ ਅਤੇ ਸਭਾ ਸੁਸਾਇਟੀਆਂ ਸ਼ਾਮਲ ਹੋਈਆਂ। ਕਾਲਕਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨਵੰਬਰ ਮਹੀਨੇ ਦੀ ਸ਼ੁਰੂਆਤ ਵਿਚ 12 ਨਵੰਬਰ ਨੂੰ ਗੁਰੂ ਕੇ ਮਹਿਲ ਸ੍ਰੀ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ, ਜੋ 13 ਨਵੰਬਰ ਨੂੰ ਦਿੱਲੀ ਪਹੁੰਚੇਗਾ ਤੇ 18 ਨਵੰਬਰ ਤੱਕ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਜਾਵੇਗਾ। ਉਨ੍ਹਾਂ ਦੱਸਿਆ ਕਿ 23 ਤੋਂ 25 ਨਵੰਬਰ ਤੱਕ ਕੀਰਤਨ ਦਰਬਾਰ ਲਾਲ ਕਿਲ੍ਹੇ ’ਤੇ ਮਨਾਏ ਜਾਣਗੇ, ਜਿਸ ਵਿਚ ਦੇਸ਼ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ-ਨਾਲ ਦੇਸ਼ ਵਿਦੇਸ਼ ਤੋਂ ਪੰਜਾਬ ਹਜ਼ਾਰ ਦੇ ਕਰੀਬ ਸ਼ਰਧਾਲੂ ਸ਼ਾਮਲ ਹੋਣਗੇ। ਸ਼ਰਧਾਲੂਆਂ ਦੇ ਰਹਿਣ-ਸਹਿਣ ਦਾ ਪ੍ਰਬੰਧ ਦਿੱਲੀ ਸਰਕਾਰ ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਸਾਰੇ ਸਮਾਗਮਾਂ ਦੀ ਸਮਾਪਤੀ 26 ਅਗਸਤ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਹੋਵੇਗੀ। ਉਨ੍ਹਾਂ ਦੁਹਰਾਇਆ ਕਿ ਸ਼ਹੀਦੀ ਸ਼ਤਾਬਦੀ ਦਾ ਮੁੱਖ ਸਮਾਗਮ ਦਿੱਲੀ ਵਿੱਚ ਹੀ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਦਿੱਲੀ ਵਿੱਚ ਹੋਈ ਸੀ।
ਅੱਜ ਦੀ ਇਸ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਪ੍ਰਤਾਪ ਸਿੰਘ ਅਤੇ ਵਧੀਕ ਸਕੱਤਰ ਵਿਜੇ ਸਿੰਘ , ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ, ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ, ਬਿਧੀ ਚੰਦ ਸੰਪਰਦਾ ਤੋਂ ਬਾਬਾ ਅਵਤਾਰ ਸਿੰਘ, ਕਾਰ ਸੇਵਾ ਸੰਪਰਦਾ ਦੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਹੋਰ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧ ਸ਼ਾਮਿਲ ਸਨ। ਜਿਨ੍ਹਾਂ ਨੇ ਸੰਬੋਧਨ ਵੀ ਕੀਤਾ ਅਤੇ ਸੁਝਾਅ ਵੀ ਦਿੱਤੇ।
‘ਇੱਕੋ ਤਰੀਕਾਂ ’ਤੇ ਉਲੀਕੇ ਜਾ ਰਹੇ ਵੱਖੋ-ਵੱਖ ਸਮਾਗਮ’
ਸ਼੍ਰੋਮਣੀ ਕਮੇਟੀ ਵੱਲੋਂ ਵੀ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮਾਂ ਦੀ ਰੂਪਰੇਖਾ ਉਲੀਕੀ ਗਈ ਹੈ। ਸ਼੍ਰੋਮਣੀ ਕਮੇਟੀ ਵੀ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੁੱਖ ਸਮਾਗਮ ਕਰਵਾ ਰਹੀ ਹੈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਵੀ ਸਜਾਏ ਜਾਣੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ ਬਰਾਬਰ ਪ੍ਰੋਗਰਾਮ ਮਨਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜੇ ਸਾਰੀਆਂ ਹੀ ਧਿਰਾਂ ਇੱਕੋ ਤਰੀਕਾਂ ’ਤੇ ਸਮਾਗਮ ਮਨਾਉਂਦੀਆਂ ਹਨ ਤਾਂ ਸੰਗਤ ਦੀ ਆਮਦ ਪੱਖੋਂ ਇਹ ਸਮਾਗਮ ਫਿੱਕੇ ਰਹਿਣ ਦੀ ਸੰਭਾਵਨਾ ਹੈ।