ਕਿਰਾਏ ’ਤੇ ਲੈ ਕੇ ਮਹਿੰਗੇ ਵਾਹਨ ਵੇਚਣ ਵਾਲਾ ਕਾਬੂ
ਪੁਲੀਸ ਦੇ ਸਹਾਇਕ ਕਮਿਸ਼ਨਰ ਰਿਸ਼ਭ ਭੋਲਾ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ 11 ਜੁਲਾਈ ਨੂੰ ਮਾਲ ਮੰਡੀ ਇਲਾਕੇ ਦੇ ਅਰਮਿੰਦਰ ਸਿੰਘ ਨੇ ਰਣਜੀਤ ਐਵੇਨਿਊ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਰਣਜੀਤ ਐਵੇਨਿਊ ਦੇ ਪਾਸ਼ ਇਲਾਕੇ ਵਿੱਚ ਓਵੀਓ ਕੈਬ ਪ੍ਰਾਈਵੇਟ ਲਿਮਟਿਡ ਕੰਪਨੀ ਚਲਾਉਂਦਾ ਹੈ ਅਤੇ ਕਿਰਾਏ ’ਤੇ ਵਾਹਨ ਦਿੰਦਾ ਹੈ। ਉਸਨੇ ਦੋਸ਼ ਲਾਇਆ ਕਿ ਹਰਵਿੰਦਰ ਸਿੰਘ ਨੇ ਉਸ ਤੋਂ ਵੱਖ-ਵੱਖ ਤਰੀਕਾਂ ’ਤੇ ਕਿਰਾਏ ’ਤੇ ਕਈ ਵਾਹਨ ਲਏ ਸਨ। ਉਸ ਨੇ ਨਾ ਤਾਂ ਕਿਰਾਇਆ ਦਿੱਤਾ ਅਤੇ ਨਾ ਹੀ ਵਾਹਨ ਵਾਪਸ ਕੀਤੇ। ਉਸਨੇ ਕਿਹਾ ਕਿ ਜਦੋਂ ਉਹ ਉਸਦੇ ਦਿੱਤੇ ਰਿਹਾਇਸ਼ੀ ਪਤੇ ’ਤੇ ਗਿਆ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ ਅਤੇ ਉਹ ਫਰਾਰ ਹੋ ਗਿਆ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇਹ ਵਾਹਨ ਦੂਜੇ ਰਾਜਾਂ ਨੂੰ ਵੇਚ ਦਿੱਤੇ ਸਨ। ਉਸ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸਦੇ ਖੁਲਾਸੇ 'ਤੇ ਪੁਲੀਸ ਨੇ ਹਰਿਆਣਾ ਅਤੇ ਰਾਜਸਥਾਨ ਤੋਂ 15 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ। ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਹੋਰ ਜਾਂਚ ਲਈ ਪੁਲੀਸ ਰਿਮਾਂਡ ’ਤੇ ਲਿਆਂਦਾ ਗਿਆ।