ਹਥਿਆਰਬੰਦ ਹਮਲਾਵਰਾਂ ਵੱਲੋਂ ਲੈਬ ਤਕਨੀਸ਼ੀਅਨ ਦਾ ਗੋਲੀਆਂ ਮਾਰ ਕੇ ਕਤਲ
ਇਥੇ ਬਟਾਲਾ ਰੋਡ ਇਲਾਕੇ ਵਿੱਚ ਬੀਤੀ ਰਾਤ ਹਥਿਆਰਬੰਦ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਵਿਅਕਤੀ ਦੀ ਸ਼ਨਾਖਤ ਆਸ਼ੂਤੋਸ਼ ਮਹਾਜਨ (35) ਵਜੋਂ ਹੋਈ ਹੈ, ਜੋ ਕਿ ਇੱਥੇ ਐੱਸਆਰ ਸਰਕਾਰੀ ਕਾਲਜ ਮਹਿਲਾ ਵਿੱਚ ਲੈਬ ਤਕਨੀਸ਼ੀਅਨ ਵਜੋਂ ਕੰਮ ਕਰਦਾ ਸੀ। ਉਸ ਦੇ ਪਿਤਾ ਦਾ ਇਥੇ ਬਟਾਲਾ ਰੋਡ ’ਤੇ ਰੈਸਟੋਰੈਂਟ ਹੈ, ਜਿੱਥੇ ਉਸ ਨੂੰ ਗੋਲੀ ਮਾਰੀ ਗਈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਦੋ ਹਮਲਾਵਰ, ਜਿਨ੍ਹਾਂ ਨੇ ਕੱਪੜੇ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ, ਨੇ ਆਸ਼ੂਤੋਸ਼ ’ਤੇ ਗੋਲੀ ਚਲਾਈ। ਹਮਲਾ ਕਰਨ ਤੋਂ ਬਾਅਦ ਇਹ ਹਮਲਾਵਰ ਤੁਰੰਤ ਮੌਕੇ ਤੋਂ ਭੱਜ ਗਏ, ਜਦੋਂ ਕਿ ਜ਼ਖ਼ਮੀ ਹੋਏ ਆਸ਼ੂਤੋਸ਼ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਮੌਕੇ ’ਤੇ ਪੁੱਜਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਇਲਾਕੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਆਦਿ ਬਾਰੇ ਕੋਈ ਸਬੂਤ ਮਿਲ ਸਕਣ। ਪੁਲੀਸ ਨੇ ਇਸ ਮਾਮਲੇ ਵਿੱਚ ਪੀੜਤ ਪਰਿਵਾਰ ਦੇ ਬਿਆਨ ਵੀ ਦਰਜ ਕੀਤੇ ਹਨ ਅਤੇ ਮ੍ਰਿਤਕ ਦੇ ਮੋਬਾਈਲ ਫੋਨ ’ਤੇ ਆਈਆਂ ਕਾਲਾਂ ਦੀ ਵੀ ਘੋਖ ਕੀਤੀ ਜਾ ਰਹੀ ਹੈ।
ਇਸ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਗੈਂਗਸਟਰ ਹਰੀ ਬਾਕਸਰ ਨੇ ਸੋਸ਼ਲ ਮੀਡੀਆ ਮੰਚ ’ਤੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ। ਇਸ ਸਬੰਧ ਵਿੱਚ ਉਸ ਨੇ ਆਪਣੀ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਇਹ ਵਿਅਕਤੀ ਪੁਲੀਸ ਦਾ ਮੁਖਬਰ ਸੀ ਅਤੇ ਉਨ੍ਹਾਂ ਦੇ ਇੱਕ ਸਾਥੀ ਨੋਨਾ ਹਰੀਕੇ ਦੀ ਛੁਪਣਗਾਹ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਸੀ। ਇਸ ਲਈ ਉਸ ਨੂੰ ਸਬਕ ਸਿਖਾਇਆ ਹੈ। ਦੂਜੇ ਪਾਸੇ ਪੁਲੀਸ ਨੇ ਕਿਹਾ ਕਿ ਉਹ ਮਾਮਲੇ ਸਬੰਧੀ ਤੱਥਾਂ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਜਾਰੀ ਹੈ।
ਮੌਕੇ ’ਤੇ ਮੌਜੂਦ ਰਮੇਸ਼ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਏ, ਜਿਨ੍ਹਾਂ ਵਿੱਚੋਂ ਇੱਕ ਪਾਣੀ ਲੈਣ ਵਾਸਤੇ ਅੰਦਰ ਆਇਆ ਅਤੇ ਦੂਜਾ ਬਾਹਰ ਮੋਟਰਸਾਈਕਲ ’ਤੇ ਹੀ ਖੜ੍ਹਾ ਰਿਹਾ। ਰੈਸਟੋਰੈਂਟ ਦੇ ਕਰਮਚਾਰੀ ਰਤਨ ਨੇ ਕਿਹਾ ਕਿ ਆਸੂਤੋਸ਼ ’ਤੇ ਹਮਲਾਵਰਾਂ ਨੇ ਲਗਾਤਾਰ ਗੋਲੀਆਂ ਚਲਾਈਆਂ, ਉਸ ਨੂੰ ਲਗਭਗ ਤਿੰਨ ਗੋਲੀਆਂ ਲੱਗੀਆਂ ਅਤੇ ਬਾਕੀ ਗੋਲੀਆਂ ਫਰਿਜ ਤੇ ਕੰਧ ਵਿੱਚ ਲੱਗੀਆਂ ਹਨ। ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਰੈਸਟੋਰੈਂਟ ਵਿੱਚ ਗਾਹਕ ਵੀ ਮੌਜੂਦ ਸਨ।