ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਥੇਦਾਰ ਨੇ ਰਾਹਤ ਕਾਰਜਾਂ ’ਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਦੀ ਸੱਦੀ ਬੈਠਕ

ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਅਤੇ ਰਾਹਤ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਇੱਕ ਯੋਜਨਾ ਬਣਾਉਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਹਤ ਕਾਰਜਾਂ ਵਿੱਚ ਲੱਗੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ ਦੇ...
Advertisement

ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਅਤੇ ਰਾਹਤ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਇੱਕ ਯੋਜਨਾ ਬਣਾਉਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਹਤ ਕਾਰਜਾਂ ਵਿੱਚ ਲੱਗੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਤਿਨਿਧਾਂ ਦੀ ਇੱਕ ਅਹਿਮ ਮੀਟਿੰਗ 13 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿੱਖੇ ਸੱਦੀ ਹੈ।

ਸ੍ਰੀ ਅਕਾਲ ਤਖ਼ਤ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇਸ ਸਬੰਧ ਵਿੱਚ ਇਹ ਅਹਿਮ ਮੀਟਿੰਗ 13 ਸਤੰਬਰ ਨੂੰ ਸੱਦੀ ਗਈ ਹੈ, ਜਿਸ ਵਿੱਚ ਸਮਾਜ ਸੇਵੀ ਤੇ ਹੋਰ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਇੱਕ-ਇੱਕ ਪ੍ਰਤੀਨਿਧ ਇਸ ਮੀਟਿੰਗ ਵਿੱਚ ਭੇਜਣ ਤਾਂ ਜੋ ਵਿਚਾਰ ਵਟਾਂਦਰਾ ਕਰਕੇ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਯੋਜਨਾ ਬਣਾਈ ਜਾ ਸਕੇ। ਜਿਸ ਤਹਿਤ ਰਾਸ਼ਨ ਵੰਡ ਸੁਚਾਰੂ ਢੰਗ ਨਾਲ ਚੱਲੇ, ਰਾਹਤ ਕਾਰਜ ਸਹੀ ਢੰਗ ਨਾਲ ਚੱਲਣ ਅਤੇ ਭਵਿੱਖ ਵਿੱਚ ਮੁੜ ਵਸੇਬੇ ਬਾਰੇ ਵੀ ਯੋਜਨਾ ਬਣਾਈ ਜਾ ਸਕੇ।

Advertisement

ਇਸ ਸਬੰਧ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਵਿੱਚ ਅਗਵਾਈ ਕਰਨ ਅਤੇ ਇੱਕ ਵਿਸਥਾਰਥ ਯੋਜਨਾ ਉਲੀਕਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਰਾਸ਼ਨ ਵੰਡ ਸਬੰਧੀ ਵੀ ਕਈ ਸ਼ਿਕਾਇਤਾਂ ਮਿਲੀਆ ਸਨ।

ਕਾਰਜਕਾਰੀ ਜਥੇਦਾਰ ਗਿਆਨੀ ਗੜਗੱਜ ਨੇ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਸੂਬੇ ਦੇ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ, ਸਮੂਹਾਂ, ਸ਼ਖ਼ਸੀਅਤਾਂ ਤੇ ਪੰਜਾਬੀ ਅਦਾਕਾਰਾਂ ਤੇ ਕਲਾਕਾਰਾਂ ਨੇ ਚੰਗੀ ਭੂਮਿਕਾ ਨਿਭਾਈ ਹੈ ਇਹ ਬੇਹਦ ਸ਼ਲਾਘਾਯੋਗ ਕਦਮ ਹੈ ਅਤੇ ਇਸ ਨਾਲ ਸਿੱਖ ਗੁਰੂ ਸਾਹਿਬਾਨ ਦੇ ਨਾਮ ਉੱਤੇ ਵੱਸਦੀ ਧਰਤ ਪੰਜਾਬ ਦੀ ਚੜ੍ਹਦੀ ਕਲਾ ਦਾ ਸੰਦੇਸ਼ ਦੇਸ਼ ਦੁਨੀਆ ਵਿੱਚ ਗਿਆ।

ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਦੇ ਚੱਲਦਿਆਂ ਜਿੱਥੇ ਪੰਜਾਬੀਆਂ ਤੇ ਸਾਡੇ ਸ਼ੁੱਭਚਿੰਤਕਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਹਨ, ਉੱਥੇ ਹੀ ਹੁਣ ਲੋੜ ਹੈ ਕਿ ਸੇਵਾਵਾਂ ਕਰ ਰਹੀਆਂ ਸੰਸਥਾਵਾਂ ਸੰਗਠਤ ਹੋ ਕੇ ਸਾਰਥਕ ਢੰਗ ਨਾਲ ਰਾਹਤ ਸਮੱਗਰੀ ਦੀ ਵੰਡ ਕਰਨ ਤੇ ਲੰਮੇ ਸਮੇਂ ਤੱਕ ਸੇਵਾਵਾਂ ਜਾਰੀ ਰੱਖਣ ਦੇ ਮੰਤਵ ਨਾਲ ਕਾਰਜ ਕਰਨ ਤਾਂ ਜੋ ਸੇਵਾ ਕਾਰਜਾਂ ਵਿੱਚ ਸਹਿਯੋਗੀਆਂ ਤੇ ਸ਼ੁੱਭਚਿੰਤਕਾਂ ਦਾ ਦਸਵੰਧ ਵਿਅਰਥ ਨਾ ਜਾਵੇ ਅਤੇ ਇਸ ਦੀ ਦੁਰਵਰਤੋਂ ਨਾ ਹੋਵੇ।

ਪੰਜਾਬ ਵਿੱਚ ਵੱਡੇ ਪੱਧਰ ਉੱਤੇ ਲੋਕਾਂ ਦੇ ਘਰਾਂ, ਜਾਨ ਮਾਲ, ਪਸ਼ੂਆਂ, ਫ਼ਸਲਾਂ ਤੇ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ। ਇਸ ਲਈ ਪ੍ਰਭਾਵਿਤ ਲੋਕਾਂ ਖ਼ਾਸਕਰ ਲੋੜਵੰਦਾਂ ਦੇ ਮੁੜ ਵਸੇਬੇ, ਸਿੱਖਿਆ, ਸਿਹਤ, ਖੇਤੀਬਾੜੀ, ਪਸ਼ੂ-ਪਾਲਣ ਨੂੰ ਮੁੜ ਸੁਰਜੀਤ ਕਰਨ ਵਾਸਤੇ ਲੰਮੇ ਸਮੇਂ ਤੱਕ ਨੀਤੀਗਤ ਢੰਗ ਨਾਲ ਰਾਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਅਤਿ ਜ਼ਰੂਰੀ ਹਨ। ਹੜ੍ਹ੍ਵਾਂ ਦੇ ਕਾਰਨਾਂ ਦੀ ਸੰਜੀਦਗੀ ਨਾਲ ਜਾਂਚ ਵੀ ਅਤਿ ਜ਼ਰੂਰੀ ਹੈ ਕਿ ਪੰਜਾਬ ਅੰਦਰ ਵਾਰ-ਵਾਰ ਇਹ ਹੜ੍ਹ ਕਿਉਂ ਆ ਰਹੇ ਹਨ ਤਾਂ ਜੋ ਸਮੂਹ ਪੰਜਾਬ ਵਾਸੀ ਸੁਚੇਤ ਹੋ ਸਕਣ।

ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਹੜ੍ਹਾਂ ਦੀ ਸਥਿਤੀ ਵਿੱਚ ਰਾਹਤ ਕਾਰਜ ਤੇ ਸੇਵਾਵਾਂ ਨਿਭਾਅ ਰਹੀਆਂ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ, ਸਮੂਹਾਂ, ਸ਼ਖ਼ਸੀਅਤਾਂ, ਪੰਜਾਬੀ ਅਦਾਕਾਰਾਂ ਤੇ ਕਲਾਕਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮਸਲੇ ਉੱਤੇ ਸੰਜੀਦਾ ਵਿਚਾਰ ਲਈ ਇੱਕ ਵਿਸ਼ੇਸ਼ ਇਕੱਤਰਤਾ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

ਇਕੱਤਰਤਾ ਬਾਰੇ ਜਾਣਕਾਰੀ ਦਿੰਦਿਆਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਇਹ ਮੀਟਿੰਗ ਮਿਤੀ 13 ਸਤੰਬਰ ਨੂੰ ਦੁਪਹਿਰ 12 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਸੰਸਥਾ ਇਕੱਤਰਤਾ ਵਿੱਚ ਆਪਣਾ ਕੇਵਲ ਇੱਕ ਨੁਮਾਇੰਦਾ ਹੀ ਭੇਜੇ ਤਾਂ ਜੋ ਲੋੜ ਅਨੁਸਾਰ ਸਮੁੱਚੇ ਸੇਵਾ ਤੇ ਰਾਹਤ ਕਾਰਜ ਸੁਚਾਰੂ ਤੇ ਸੰਗਠਤ ਰੂਪ ਵਿੱਚ ਜਾਰੀ ਰਹਿਣ।

Advertisement
Tags :
amritsar newsGiyani Kuldeep Singh GadgajPunjab floodsPunjab Floods NEwsSGPCSGPC OfficeSGPC PresidentShiromani Gurdwara Parbandhak CommitteeSri Akal Takht Sahib
Show comments