ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਦੇ ਮਾਮਲੇ ਦੀ ਜਾਂਚ ਮੁਕੰਮਲ
ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਦੌਰਾ ਕਰਨ ਆਏ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਕਸਬੇ ਵਿੱਚ ਸਥਾਪਿਤ ਗੁਰਦੁਆਰਾ ਵਿਖੇ ਸਿਰੋਪਾ ਦੇਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਅੱਜ ਮਾਮਲੇ ਦੀ ਜਾਂਚ ਕੀਤੀ ਹੈ। ਭਲਕੇ ਇਸ ਦੀ ਰਿਪੋਰਟ ਸੌਂਪੇ ਜਾਣ ਦੀ ਸੰਭਾਵਨਾ ਹੈ।
ਜਿਸ ਤੋਂ ਬਾਅਦ ਕੁਤਾਹੀ ਅਤੇ ਲਾਪਰਵਾਹੀ ਦੇ ਜਿੰਮੇਵਾਰ ਕਰਮਚਾਰੀਆਂ ਖਿਲਾਫ ਕਾਰਵਾਈ ਹੋਵੇਗੀ। ਇਹ ਗੁਰਦੁਆਰਾ ਸ੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਿਹਾ ਹੈ।
ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਸਮੇਂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂ ਜਿਨਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਸ਼ਾਮਿਲ ਸਨ, ਇਸ ਗੁਰਦੁਆਰੇ ਵਿੱਚ ਨਤਮਸਤਕ ਹੋਣ ਲਈ ਪੁੱਜੇ ਸਨ। ਜਿੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਕਰਮਚਾਰੀਆਂ ਵੱਲੋਂ ਰਾਹੁਲ ਗਾਂਧੀ ਅਤੇ ਹੋਰਨਾਂ ਨੂੰ ਸਿਰਪਾਓ ਦਿੱਤੇ ਗਏ ਸਨ। ਇਸ ਮਾਮਲੇ ਸੰਬੰਧੀ ਤਸਵੀਰਾਂ ਅਤੇ ਵੀਡੀਓ ਜਦੋਂ ਕੱਲ ਸ਼ਾਮ ਵੇਲੇ ਜਨਤਕ ਹੋਏ ਅਤੇ ਵਾਇਰਲ ਹੋਏ ਤਾਂ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਤੇ ਮਾਮਲੇ ਦੀ ਜਾਂਚ ਕਰਵਾਈ ਗਈ ਹੈ ਅਤੇ ਇਸ ਦੀ ਰਿਪੋਰਟ ਮਿਲਣ ਮਗਰੋਂ ਇਸ ਸਬੰਧੀ ਅਗਲੇਰੀ ਕਾਰਵਾਈ ਹੋਵੇਗੀ।
ਪ੍ਰਧਾਨ ਧਾਮੀ ਵੱਲੋਂ ਬੀਤੇ ਕੱਲ ਇਸ ਸਬੰਧ ਵਿੱਚ ਦੱਸਿਆ ਗਿਆ ਸੀ ਕਿ ਅੰਤ੍ਰਿੰਗ ਕਮੇਟੀ ਦੇ ਫੈਸਲੇ ਮੁਤਾਬਕ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਵੀ ਸਿਆਸੀ ਸ਼ਖਸੀਅਤ ਨੂੰ ਸਿਰੋਪਾ ਦੇਣ ਉੱਤੇ ਪਾਬੰਦੀ ਹੈ। ਗੁਰੂ ਘਰ ਦੇ ਦਰਬਾਰ ਵਿੱਚ ਕੇਵਲ ਧਾਰਮਿਕ ਸ਼ਖਸੀਅਤਾਂ, ਰਾਗੀ ਸਿੰਘਾ ਅਤੇ ਸਿੱਖ ਮਹਾਂਪੁਰਸ਼ਾਂ ਨੂੰ ਹੀ ਇਹ ਸਨਮਾਨ ਦੇਣ ਤੱਕ ਸੀਮਤ ਕੀਤਾ ਹੋਇਆ ਹੈ।
ਵੇਰਵਿਆਂ ਮੁਤਾਬਿਕ ਇਸ ਮਾਮਲੇ ਵਿੱਚ ਚੀਫ ਗੁਰਦੁਆਰਾ ਇੰਸਪੈਕਟਰ ਦੀ ਨਿਗਰਾਨੀ ਹੇਠ ਟੀਮ ਵੱਲੋਂ ਅੱਜ ਮਾਮਲੇ ਦੀ ਜਾਂਚ ਕੀਤੀ ਗਈ ਹੈ। ਇਸ ਸਬੰਧ ਵਿੱਚ ਜਾਂਚ ਟੀਮ ਰਮਦਾਸ ਦੇ ਸੰਬੰਧਤ ਗੁਰਦੁਆਰੇ ਵਿੱਚ ਪੁੱਜੀ ਸੀ ਅਤੇ ਉਹਨਾਂ ਬਰੀਕੀ ਨਾਲ ਮਾਮਲੇ ਦੀ ਘੋਖ ਕੀਤੀ ਹੈ। ਇਸ ਮਾਮਲੇ ਵਿੱਚ ਇੱਕ ਅਧਿਕਾਰੀ ਸਮੇਤ ਚਾਰ ਕਰਮਚਾਰੀ ਲਾਪਰਵਾਹੀ ਅਤੇ ਕੁਤਾਹੀ ਦੇ ਜਿੰਮੇਵਾਰ ਪਾਏ ਗਏ ਹਨ।