ਭਾਰਤ ਵੱਲੋਂ ਤਿੰਨ ਪਾਕਿਸਤਾਨੀ ਕੈਦੀ ਰਿਹਾਅ
ਭਾਰਤ ਸਰਕਾਰ ਵੱਲੋਂ ਅੱਜ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਜੋ ਗੈਰ ਕਾਨੂੰਨੀ ਢੰਗ ਨਾਲ ਭਾਰਤ ਆਏ ਸਨ ਅਤੇ ਉਨ੍ਹਾਂ ਕੋਲੋਂ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਹੋਇਆ ਸੀ। ਵਤਨ ਵਾਪਸ ਪਰਤੇ ਪਾਕਿਸਤਾਨੀ ਕੈਦੀਆਂ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੈਦੀਆਂ ਦੀਆਂ ਨਿਰਧਾਰਿਤ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਆਪੋ ਆਪਣੇ ਮੁਲਕ ਵਾਪਸ ਭੇਜਿਆ ਜਾਵੇ।
ਰਿਹਾਅ ਕੀਤੇ ਗਏ ਪਾਕਿਸਤਾਨੀ ਕੈਦੀਆਂ ਵਿੱਚ ਮੁਹੰਮਦ ਰਮਜ਼ਾਨ, ਮੁਹੰਮਦ ਇਕਬਾਲ ਅਤੇ ਅਸਗਰ ਅਲੀ ਸ਼ਾਮਲ ਹਨ। ਇਨ੍ਹਾਂ ਨੂੰ ਰਾਜਸਥਾਨ ਅਤੇ ਦਿੱਲੀ ਪੁਲੀਸ ਵੱਲੋਂ ਰਿਹਾਅ ਕਰਨ ਲਈ ਅਟਾਰੀ ਸਰਹੱਦ ’ਤੇ ਲਿਆਂਦਾ ਗਿਆ ਸੀ। ਸਰਹੱਦ ’ਤੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਸਰਹੱਦ ਪਾਰ ਪਾਕਿਸਤਾਨੀ ਰੇਂਜਰਾਂ ਹਵਾਲੇ ਕਰ ਦਿੱਤਾ ਗਿਆ।
ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਮੁਹੰਮਦ ਇਕਬਾਲ ਨੂੰ 1995 ਵਿੱਚ ਗੁਰਦਾਸਪੁਰ ਖੇਤਰ ਵਿੱਚੋਂ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ 28 ਤੋਂ 30 ਸਾਲ ਦੀ ਸਜ਼ਾ ਹੋਈ ਸੀ। ਮੁਹੰਮਦ ਰਮਜ਼ਾਨ ਨੂੰ 2010 ਵਿੱਚ ਜੰਮੂ ਖੇਤਰ ਤੋਂ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਸੀ ਅਤੇ ਉਸਨੂੰ ਸਾਢੇ 13 ਸਾਲ ਦੀ ਸਜ਼ਾ ਹੋਈ ਅਤੇ ਉਸ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਅਸਗਰ ਅਲੀ ਨੂੰ ਵੀ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਨੂੰ 10 ਸਾਲ ਦੀ ਸਜ਼ਾ ਹੋਈ ਸੀ। ਦੋ ਕੈਦੀਆਂ ਨੂੰ ਰਾਜਸਥਾਨ ਜੇਲ੍ਹ ਚੋਂ ਅਤੇ ਇੱਕ ਨੂੰ ਦਿੱਲੀ ਪੁਲੀਸ ਵੱਲੋਂ ਰਿਹਾਅ ਕੀਤਾ ਗਿਆ ਹੈ।
