ਛੇਹਰਟਾ ਵਿੱਚ ਨਸ਼ਾ ਤਸਕਰਾਂ ਦੀ ਨਾਜਾਇਜ਼ ਉਸਾਰੀ ਢਾਹੀ
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਆਕਾਸ਼ਦੀਪ ਸਿੰਘ ਵਿਰੁੱਧ ਛੇਹਰਟਾ ਥਾਣੇ ਵਿੱਚ ਦੋ ਨਸ਼ੀਲੇ ਪਦਾਰਥਾਂ ਦੇ ਕੇਸ ਦਰਜ ਸਨ ਜਦੋਂ ਕਿ ਸਤਵਿੰਦਰਪਾਲ ਸਿੰਘ ਵਿਰੁੱਧ ਚਾਰ ਕੇਸ ਦਰਜ ਸਨ। ਦੋਵਾਂ ਭਰਾਵਾਂ ਵਿਰੁੱਧ ਅਕਤੂਬਰ 2024 ਵਿੱਚ ਸਾਂਝਾ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਭਗ 4 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ।
ਦੋਵੇਂ ਤਸਕਰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਕਿਹਾ ਕਿ ਹੋਰ ਤਸਕਰਾਂ ਦੀਆਂ ਗੈਰਕਾਨੂੰਨੀ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਅਜਿਹੀ ਹੋਰ ਕਾਰਵਾਈ ਕੀਤੀ ਜਾਵੇਗੀ। ਪੁਲੀਸ ਕਮਿਸ਼ਨਰ ਨੇ ਇਸ ਸਾਲ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਸ਼ਹਿਰ ਵਿੱਚ ਜ਼ਬਤ ਕੀਤੇ ਗਏ ਸਾਮਾਨ ਦੇ ਅੰਕੜੇ ਸਾਂਝੇ ਕਰਦੇ ਹੋਏ ਦੱਸਿਆ ਕਿ ਹੁਣ ਤੱਕ 1,393 ਐੱਨ ਡੀ ਪੀ ਐੱਸ ਮਾਮਲੇ ਦਰਜ ਕੀਤੇ ਗਏ ਹਨ, 2,545 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ 268 ਕਿਲੋਗ੍ਰਾਮ ਹੈਰੋਇਨ, 35 ਕਿਲੋਗ੍ਰਾਮ ਅਫੀਮ, 325 ਕਿਲੋਗ੍ਰਾਮ ਨਸ਼ੀਲਾ ਪਾਊਡਰ, 2.95 ਕਰੋੜ ਰੁਪਏ ਦਾ ਡਰੱਗ ਮਨੀ ਅਤੇ ਤਸਕਰੀ ਲਈ ਵਰਤੇ ਗਏ 117 ਵਾਹਨ ਸ਼ਾਮਲ ਹਨ।
