ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਪੁਲੀਸ ਵੱਲੋਂ ਗੁਮਟਾਲਾ ਚੌਕ ਉੱਤੇ ਨਾਕਾ ਲਗਾਇਆ ਗਿਆ, ਜਿੱਥੇ ਬੇਅੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ ਦੋ ਪਿਸਤੌਲ (.32 ਬੋਰ) ਸਮੇਤ ਦੋ ਕਾਰਤੂਸ, ਇੱਕ ਪਿਸਤੌਲ (.315 ਬੋਰ) ਸਮੇਤ ਦੋ ਕਾਰਤੂਸ ਅਤੇ ਇੱਕ ਕਾਰ ਬਰਾਮਦ ਹੋਈ।
ਮੁਲਜ਼ਮ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਗੁਰਪਿੰਦਰ ਸਿੰਘ ਉਰਫ਼ ਸਜਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਅਧਾਰ ’ਤੇ ਪੁਲੀਸ ਨੇ ਯੁਧਵੀਰ ਸਿੰਘ ਉਰਫ਼ ਯੋਧਾ ਨੂੰ ਕਾਬੂ ਕੀਤਾ, ਜਿਸ ਤੋਂ ਤਿੰਨ ਪਿਸਤੌਲ (.32 ਬੋਰ) ਅਤੇ ਇੱਕ ਰਿਵਾਲਵਰ (.32 ਬੋਰ) ਬਰਾਮਦ ਹੋਏ।
ਕੁੱਲ ਮਿਲਾ ਕੇ ਪੁਲੀਸ ਨੇ ਪੰਜ ਪਿਸਤੌਲ, ਇੱਕ ਰਿਵਾਲਵਰ, ਇੱਕ ਪਿਸਤੌਲ (.315 ਬੋਰ) ਕਾਰਤੂਸ ਸਮੇਤ ਅਤੇ ਇੱਕ ਕਾਰ ਕਬਜ਼ੇ ਵਿੱਚ ਲਈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਬੇਅੰਤ ਸਿੰਘ (30) ਖ਼ਿਲਾਫ਼ ਹਥਿਆਰ ਐਕਟ ਅਤੇ ਭਾਰਤੀ ਦੰਡ ਸੰਹਿਤਾ ਅਧੀਨ ਪਹਿਲਾਂ ਤੋਂ ਹੀ ਤਿੰਨ ਕੇਸ ਦਰਜ ਹਨ, ਜਦਕਿ ਯੁਧਵੀਰ ਸਿੰਘ (33) ਵਿਰੁੱਧ ਚਾਰ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਐੱਨਡੀਪੀਐੱਸ ਐਕਟ ਤਹਿਤ ਵੀ ਇੱਕ ਕੇਸ ਸ਼ਾਮਲ ਹੈ। ਗੁਰਪਿੰਦਰ ਸਿੰਘ ਖ਼ਿਲਾਫ਼ ਕੋਈ ਪੁਰਾਣਾ ਮਾਮਲਾ ਨਹੀਂ ਹੈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਹਥਿਆਰਾਂ ਦੇ ਸਰੋਤ ਅਤੇ ਇਸ ਗੈਰ-ਕਾਨੂੰਨੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।