ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Hemkund Sahib: ਗੁਰਦੁਆਰਾ ਹੇਮਕੁੰਟ ਸਾਹਿਬ ਜਾਣ ਲਈ ਆਰਜ਼ੀ ਪੁਲ ਸਥਾਪਿਤ

ਗੋਬਿੰਦ ਘਾਟ ਵਿੱਚ ਅਲਕਨੰਦਾ ਨਦੀ ’ਤੇ ਬਣਾਇਆ ਪੁਲ; ਭਾਰੀ ਬਰਫਬਾਰੀ ਕਾਰਨ ਨੁਕਸਾਨਿਆ ਗਿਆ ਸੀ ਪੁਲ
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 9 ਮਾਰਚ

Advertisement

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮਾਰਗ ਨੂੰ ਜੋੜਨ ਵਾਲਾ ਪੁਲ ਜੋ ਪਹਾੜ ਤੋਂ ਮਲਬਾ ਡਿੱਗਣ ਕਾਰਨ ਨੁਕਸਾਨਿਆ ਗਿਆ ਸੀ, ਦੀ ਥਾਂ ’ਤੇ ਗੁਰਦੁਆਰਾ ਗੋਬਿੰਦ ਘਾਟ ਵਿਖੇ ਆਰਜ਼ੀ ਪੁਲ ਸਥਾਪਿਤ ਕਰ ਦਿੱਤਾ ਗਿਆ ਹੈ। ਇਹ ਪੁਲ ਅਲਕ ਨੰਦਾ ਨਦੀ ’ਤੇ ਬਣਾਇਆ ਗਿਆ ਹੈ।

ਬੀਤੇ ਦਿਨੀ ਇਸ ਖੇਤਰ ਵਿੱਚ ਭਾਰੀ ਬਰਫਬਾਰੀ ਅਤੇ ਲਗਾਤਾਰ ਮੀਹ ਪੈਣ ਕਾਰਨ ਪਹਾੜ ਤੋਂ ਮਿੱਟੀ ਦੀਆਂ ਵੱਡੀਆਂ ਢਿੱਗਾਂ ਡਿੱਗ ਗਈਆਂ ਸਨ ਅਤੇ ਇੱਥੇ ਬਣਿਆ ਹੋਇਆ ਵੈਲੀ ਸਸਪੈਂਸ਼ਨ ਪੁਲ ਟੁੱਟ ਗਿਆ ਸੀ। ਇਸ ਘਟਨਾ ਵਿੱਚ ਨਾ ਸਿਰਫ ਇਹ ਪੁਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਸਗੋਂ ਸੜਕ ਵੀ ਮਲਬੇ ਨਾਲ ਭਰ ਗਈ ਸੀ। ਇਸ ਦੇ ਮਲਬੇ ਹੇਠ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲ ਦੇ ਡਿੱਗਣ ਕਾਰਨ ਗੁਰਦੁਆਰੇ ਦੀ ਸਰਾਂ ਦੀ ਇਮਾਰਤ ਨੂੰ ਵੀ ਹਲਕਾ ਨੁਕਸਾਨ ਪੁੱਜਾ ਸੀ।

ਇਸ ਪੁਲ ਦੇ ਟੁੱਟਣ ਕਾਰਨ ਗੁਰਦੁਆਰਾ ਗੋਬਿੰਦ ਘਾਟ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚਾਲੇ ਯਾਤਰਾ ਮਾਰਗ ਦਾ ਸੰਪਰਕ ਟੁੱਟ ਗਿਆ ਸੀ। ਇਸ ਨਾਲ ਦੂਜੇ ਪਾਸੇ ਪਿੰਡ ਪੁਲਣਾ, ਬੁੰਡਾਰ ਅਤੇ ਘਾਗਰੀਆ ਦੇ ਲੋਕਾਂ ਦਾ ਵੀ ਸੜਕੀ ਸੰਪਰਕ ਟੁੱਟ ਗਿਆ ਸੀ। ਇਸ ਨਾਲ ਬਿਜਲੀ ਸਪਲਾਈ ਅਤੇ ਇੰਟਰਨੈਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਇੱਥੇ ਨਦੀ ਦੇ ਉੱਪਰ ਨੁਕਸਾਨੇ ਗਏ ਪੁਲ ਦੀ ਥਾਂ ’ਤੇ ਇੱਕ ਆਰਜ਼ੀ ਪੁਲ ਸਥਾਪਿਤ ਕਰ ਦਿੱਤਾ ਗਿਆ ਹੈ ਜਿਸ ਨਾਲ ਨਾ ਸਿਰਫ ਯਾਤਰਾ ਮਾਰਗ ਮੁੜ ਜੁੜ ਗਿਆ ਹੈ ਸਗੋਂ ਦੂਜੇ ਪਾਸੇ ਪਿੰਡਾਂ ਦੇ ਲੋਕਾਂ ਦਾ ਵੀ ਸੜਕੀ ਸੰਪਰਕ ਬਹਾਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਵੀ ਸ਼ੁਰੂ ਹੋ ਚੁੱਕੀ ਹੈ। ਇਹ ਪੁਲ ਲਗਪਗ 44 ਫੁੱਟ ਲੰਬਾ ਅਤੇ ਸਾਢੇ ਚਾਰ ਫੁੱਟ ਚੌੜਾ ਹੈ, ਜਿਸ ’ਤੇ ਪੈਦਲ ਆਵਾਜਾਈ ਤੋਂ ਇਲਾਵਾ ਹਲਕੇ ਦੋ ਪਹੀਆ ਵਾਹਨ ਵੀ ਲੰਘਾਏ ਜਾ ਸਕਦੇ ਹਨ।

ਇੱਥੇ ਨੁਕਸਾਨੇ ਗਏ ਪੁਲ ਦੀ ਥਾਂ ’ਤੇ ਨਵਾਂ ਵੈਲੀ ਸਸਪੈਂਸ਼ਨ ਪੁਲ ਬਣਾਉਣ ਵਾਸਤੇ ਵੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਸਰਕਾਰ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋੜੀਂਦਾ ਸਾਮਾਨ ਪੁੱਜ ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਹ ਪੁਲ ਯਾਤਰਾ ਆਰੰਭ ਹੋਣ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 25 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।

Advertisement
Show comments