ਭਰਵੇਂ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ
ਇਲਾਕੇ ਦੇ ਪਿੰਡ ਦਿਆਲਪੁਰ ਦੇ ਵਾਸੀ ਦਲਜੀਤ ਸਿੰਘ, ਜਸਵਿੰਦਰ ਸਿੰਘ ਗੋਲਡੀ, ਮਨਜੀਤ ਸਿੰਘ, ਹਰਿੰਦਰ ਸਿੰਘ ਸਣੇ ਹੋਰਨਾਂ ਨੇ ਕਿਹਾ ਕਿ ਬਾਰਸ਼ ਕਰਕੇ ਉਨ੍ਹਾਂ ਦੇ ਪਿੰਡ ਦੇ ਵਧੇਰੇ ਛੱਪੜਾਂ ਦਾ ਪਾਣੀ ਓਵਰਫਲੋਅ ਹੋ ਗਿਆ। ਇਹ ਗੰਦਾ ਪਾਣੀ ਪਿੰਡ ਦੀਆਂ ਗਲੀਆਂ-ਸੜਕਾਂ ਤੋਂ ਇਲਾਵਾ ਉਨ੍ਹਾਂ ਦੇ ਖੇਤਾਂ ਵਿੱਚ ਆਣ ਵੜ੍ਹਿਆ ਹੈ, ਜਿਸ ਕਾਰਨ ਕਈ-ਕਈ ਦਿਨ ਤੱਕ ਲਈ ਚਾਰ-ਚੁਫੇਰੇ ਬੂਦਬੂ ਫੈਲੀ ਰਹਿਣੀ ਹੈ। ਤਰਨ ਤਾਰਨ ਦੇ ਝਬਾਲ-ਅੰਮ੍ਰਿਤਸਰ ਚੌਕ ’ਚ ਮੀਂਹ ਪਾਣੀ ਗੋਡਿਆਂ ਤੱਕ ਖੜ੍ਹਾ ਹੋ ਗਿਆ। ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਪੈਂਦੇ ਪਿੰਡ ਰੈਸ਼ੀਆਣਾ ਨੇੜੇ ਖਸਤਾ ਹਾਲ ਸੜਕ ’ਤੇ ਬਾਰਸ਼ ਦਾ ਪਾਣੀ ਖੜ੍ਹਾ ਹੋ ਜਾਣ ਕਰਕੇ ਰਾਹਗੀਰ ਪ੍ਰੇਸ਼ਾਨ ਹੋਏ। ਤਰਨ ਤਾਰਨ ਤੋਂ ਇਲਾਵਾ ਆਸ ਪਾਸ ਦੇ ਝਬਾਲ, ਨੌਸ਼ਹਿਰਾ ਪੰਨੂੰਆਂ, ਸਰਹਾਲੀ, ਚੋਹਲਾ ਸਾਹਿਬ, ਹਰੀਕੇ ਵਿੱਚ ਭਰਵਾਂ ਮੀਂਹ ਪਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪ੍ਰਭਸਿਮਰਨ ਸਿੰਘ ਨੇ ਇਸ ਬਾਰਸ਼ ਨੂੰ ਕਿਸਾਨਾਂ ਲਾਹੇਵੰਦ ਆਖਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰਸ਼ ਨਾਲ ਕਿਸਾਨ ਨੂੰ ਆਪਣੀ ਝੋਨੇ ਦੀ ਫਸਲ ਨੂੰ ਕੁਦਰਤੀ ਪਾਣੀ ਮਿਲ ਜਾਣ ਨਾਲ ਭਾਰੀ ਰਾਹਤ ਹੋਈ ਹੈ|