Gurdwara Hemkunt Sahib: ਢਿੱਗਾਂ ਡਿੱਗਣ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ ਮਾਰਗ ’ਤੇ ਗੁਰਦੁਆਰਾ ਗੋਬਿੰਦ ਘਾਟ ਨੇੜਲਾ ਪੁਲ਼ ਟੁੱਟਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਮਾਰਚ
Gurdwara Hemkunt Sahib: ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰਾ ਮਾਰਗ ਨੂੰ ਜੋੜਨ ਵਾਲਾ ਇਕ ਪੁੱਲ ਬੁੱਧਵਾਰ ਨੂੰ ਗੁਰਦੁਆਰਾ ਗੋਬਿੰਦ ਘਾਟ ਨੇੜੇ ਪਹਾੜ ਤੋਂ ਵੱਡੀ ਗਿਣਤੀ ਵਿੱਚ ਪੱਥਰ ਡਿੱਗਣ ਕਾਰਨ ਟੁੱਟ ਗਿਆ ਹੈ, ਜਿਸ ਨਾਲ ਇਸ ਵਰ੍ਹੇ ਦੀ ਸਲਾਨਾ ਯਾਤਰਾ ’ਤੇ ਵੀ ਅਸਰ ਪੈ ਸਕਦਾ ਹੈ।
ਇਸ ਦੌਰਾਨ ਪੁਲ ਦੇ ਮਲਬੇ ਹੇਠੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਦਰਸ਼ਨ ਸ਼ਰਮਾ ਵਾਸੀ ਬਿਹਾਰ ਵਜੋਂ ਦੱਸੀ ਗਈ ਹੈ, ਜੋ ਪੇਸ਼ੇ ਵਜੋਂ ਤਰਖਾਣ ਦਾ ਕੰਮ ਕਰਦਾ ਸੀ। ਪੁਲ ਡਿੱਗਣ ਮੌਕੇ ਪੀੜਤ ਸਕੂਟਰ ’ਤੇ ਸਵਾਰ ਹੋ ਕੇ ਇਸ ਦੇ ਉਪਰੋਂ ਦੀ ਲੰਘ ਰਿਹਾ ਸੀ। ਇਸ ਦੌਰਾਨ ਪੁਲ ਡਿੱਗਣ ਕਰਕੇ ਗੁਰਦੁਆਰਾ ਗੋਬਿੰਦ ਘਾਟ ਦੇ ਇਕ ਹਿੱਸੇ ਨੂੰ ਵੀ ਨੁਕਸਾਨ ਪੁੱਜਾ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਇਸ ਸਾਲ 25 ਮਈ ਤੋਂ ਆਰੰਭ ਹੋਣੀ ਤੈਅ ਹੋਈ ਹੈ। ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਰਫ਼ਬਾਰੀ ਹੋਈ ਹੈ ਅਤੇ ਮੀਹ ਪੈ ਰਿਹਾ ਹੈ। ਇਸ ਕਾਰਨ ਪਹਾੜ ਦੇ ਉੱਪਰਲੇ ਹਿੱਸੇ ਤੋਂ ਵੱਡੀ ਮਾਤਰਾ ਵਿੱਚ ਪੱਥਰ ਡਿੱਗੇ ਹਨ ਅਤੇ ਅੱਜ ਸਵੇਰੇ ਇਸ ਕਾਰਨ ਸਪਰਿੰਗ ਵੈਲੀ ਬ੍ਰਿਜ ਟੁੱਟ ਗਿਆ ਹੈ।
ਇਸ ਕਾਰਨ ਫਿਲਹਾਲ ਯਾਤਰਾ ਮਾਰਗ ਦਾ ਸੰਪਰਕ ਟੁੱਟ ਗਿਆ ਹੈ। ਪੁਲ਼ ਦੇ ਟੁੱਟਣ ਕਾਰਨ ਦੂਜੇ ਪਾਸੇ ਪੈਂਦੇ ਪਿੰਡਾਂ ਪੁਲਣਾ, ਭੁੰਡਾਰ ਅਤੇ ਘਾਂਗਰੀਆ ਦਾ ਵੀ ਸੜਕੀ ਸੰਪਰਕ ਟੁੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਤੁਰੰਤ ਮੌਕੇ ’ਤੇ ਪੁੱਜ ਗਿਆ ਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਹੇਠਾਂ ਨਦੀ ’ਤੇ ਆਰਜ਼ੀ ਪੁਲ਼ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਦੂਜੇ ਪਾਸੇ ਪਿੰਡਾਂ ਦੇ ਲੋਕਾਂ ਦਾ ਆਵਾਜਾਈ ਸੰਪਰਕ ਬਹਾਲ ਹੋ ਸਕੇ।
ਹਾਦਸੇ ਕਾਰਨ ਪੁਲ਼ ਤੋਂ ਲੰਘਣ ਮੌਕੇ ਲਾਪਤਾ ਹੋਏ ਵਿਅਕਤੀ ਦੀ ਲਾਸ਼ ਮਿਲੀ
ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਜਦੋਂ ਇਹ ਪੁਲ਼ ਨਸ਼ਟ ਹੋਇਆ, ਉਸ ਵੇਲੇ ਇੱਕ ਵਿਅਕਤੀ ਵੀ ਪੁਲ਼ ਤੋਂ ਸਕੂਟਰ ’ਤੇ ਲੰਘ ਰਿਹਾ ਸੀ। ਪਹਿਲਾਂ ਇਹ ਵਿਅਕਤੀ ਲਾਪਤਾ ਦੱਸਿਆ ਗਿਆ ਸੀ। ਪਰ ਹੁਣ ਪੁਲ ਦੇ ਮਲਬੇ ਹੇਠੋਂ ਇਸ ਵਿਅਕਤੀ ਦੀ ਲਾਸ਼ ਮਿਲੀ ਹੈ। ਪੀੜਤ ਦੀ ਸ਼ਨਾਖਤ ਦਰਸ਼ਨ ਸ਼ਰਮਾ ਵਾਸੀ ਬਿਹਾਰ ਵਜੋਂ ਦੱਸੀ ਗਈ ਹੈ, ਜੋ ਪੇਸ਼ੇ ਵਜੋਂ ਤਰਖਾਣ ਦਾ ਕੰਮ ਕਰਦਾ ਸੀ।
2013 ਦੀ ਭਿਆਨਕ ਕੁਦਰਤੀ ਤਬਾਹੀ ਦੌਰਾਨ ਵੀ ਟੁੱਟ ਗਿਆ ਸੀ ਪੁਲ਼
ਦੱਸਣ ਯੋਗ ਹੈ ਕਿ ਇਸ ਇਲਾਕੇ ਵਿੱਚ 2013 ਵਿੱਚ ਵੀ ਭਿਆਨਕ ਹੜ੍ਹ ਆਇਆ ਸੀ ਅਤੇ ਉਸ ਵੇਲੇ ਵੀ ਇੱਥੇ ਬਣਿਆ ਹੋਇਆ ਪੁਲ਼ ਰੁੜ੍ਹ ਗਿਆ ਸੀ। ਉਸ ਵੇਲੇ ਬੱਦਲ ਫਟਣ ਦੀ ਘਟਨਾ ਕਾਰਨ ਵਾਪਰੀ ਭਿਆਨਕ ਕੁਦਾਰਤੀ ਤਬਾਹੀ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਪ੍ਰਭਾਵਿਤ ਹੋਈ ਸੀ ਅਤੇ ਹੜ੍ਹ ਕਾਰਨ ਪਾਰਕਿੰਗ ਖੇਤਰ ਵੀ ਰੁੜ੍ਹ ਗਿਆ ਸੀ ਅਤੇ ਉਥੇ ਖੜ੍ਹੇ ਬਹੁਤ ਸਾਰੇ ਵਾਹਨ ਵੀ ਦਰਿਆ ਦੀ ਭੇਟ ਚੜ੍ਹ ਗਏ ਸਨ।
ਇਹ ਵੀ ਪੜ੍ਹੋ:
ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲ੍ਹਣਗੇ
ਗੁਰਦੁਆਰਾ ਹੇਮਕੁੰਟ ਸਾਹਿਬ ਦੀ ਰੋਪਵੇਅ ਯੋਜਨਾ ਲਟਕੀ
ਹੇਮਕੁੰਟ ਸਾਹਿਬ ਯਾਤਰਾ ਦੀ ਅਭੁੱਲ ਯਾਦ
ਮਗਰੋਂ ਸਰਕਾਰ ਵੱਲੋਂ ਲਗਭਗ ਡੇਢ ਸਾਲ ਦੇ ਸਮੇਂ ਵਿੱਚ ਇਹ ਸਪਰਿੰਗ ਵੈਲੀ ਬ੍ਰਿਜ ਬਣਾਇਆ ਗਿਆ ਸੀ ਅਤੇ ਸਥਾਈ ਸੰਪਰਕ ਬਹਾਲ ਹੋਇਆ ਸੀ, ਜਿਹੜਾ ਹੁਣ ਮੁੜ ਟੁੱਟ ਗਿਆ ਸੀ।
ਮੁੱਖ ਮੰਤਰੀ ਧਾਮੀ ਨੇ ਛੇਤੀ ਪੱਕਾ ਪੁਲ਼ ਬਣਾਉਣ ਦਾ ਦਿੱਤਾ ਭਰੋਸਾ: ਬਿੰਦਰਾ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਮੁੱਖ ਸਕੱਤਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਸਥਾਈ ਪੁਲ਼ ਦਾ ਨਿਰਮਾਣ ਕੀਤਾ ਜਾਵੇਗਾ।
ਇਸੇ ਖੇਤਰ ਵਿਚ ਪਿਛਲੇ ਦਿਨ ਪਿੰਡ ਮਾਣਾ ’ਚ ਵਾਪਰੀ ਬਰਫ਼ ਖਿਸਕਣ ਦੀ ਘਟਨਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸੇ ਖੇਤਰ ਵਿੱਚ ਬਦਰੀਨਾਥ ਧਾਮ ਨੇੜੇ ਪਿੰਡ ਮਾਣਾ ਦੇ ਕੋਲ ਬਰਫ ਖਿਸਕਣ ਕਾਰਨ ਬੀਆਰਓ ਦੇ 54 ਕਰਮਚਾਰੀ ਬਰਫ ਹੇਠਾਂ ਦੱਬੇ ਗਏ ਸਨ। ਬਾਅਦ ਵਿਚ ਇਨ੍ਹਾਂ ਵਿੱਚੋਂ ਸੱਤ ਦੀ ਮੌਤ ਹੋ ਗਈ ਸੀ। ਚੱਲ ਰਹੇ ਬਚਾਅ ਕਾਰਜਾਂ ਦੌਰਾਨ ਐਨਡੀਆਰਐਫ, ਐਸੀਆਰਐਫ ਤੇ ਹੋਰ ਏਜੰਸੀਆਂ ਦੇ ਰਾਹਤ ਕਰਮਚਾਰੀ ਇਥੇ ਗੁਰਦੁਆਰਾ ਗੋਬਿੰਦ ਘਾਟ ਵਿਖੇ ਹੀ ਠਹਿਰੇ ਹੋਏ ਹਨ, ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਠਹਿਰਾਅ ਅਤੇ ਲੰਗਰ ਦੀ ਸਹੂਲਤ ਮੁਹਈਆ ਕੀਤੀ ਜਾ ਰਹੀ ਹੈ।