ਗੁਰਦਾਸਪੁਰ: ਤੇਲੰਗਾਨਾ ਵਿੱਚ ਰੇਲ ਸਫਰ ਦੌਰਾਨ ਨੌਜਵਾਨ ਦੀ ਭੇਤ ਭਰੇ ਹਲਾਤਾਂ ਵਿੱਚ ਮੌਤ
ਵਿਦੇਸ਼ ਜਾਣ ਲਈ ਚੇਨਈ ਤੋਂ ਫਲਾਈਟ ਵਿੱਚ ਸਵਾਰ ਹੋਣ ਲਈ ਜਾ ਰਹੇ ਪਿੰਡ ਮੁੱਲਾਂਵਾਲ ਦੇ ਇੱਕ 21 ਸਾਲਾਂ ਦੇ ਨੌਜਵਾਨ ਦੀ ਰੇਲ ਸਫ਼ਰ ਦੌਰਾਨ ਤੇਲੰਗਾਨਾ ਦੇ ਸ਼ਹਿਰ ਖੰਮਮ ਕੋਲ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਪਲਵਿੰਦਰ ਸਿੰਘ ਪਰਿਵਾਰ ਅਨੁਸਾਰ ਪਲਵਿੰਦਰ ਸਿੰਘ ਪਹਿਲਾਂ ਵੀ ਇੱਕ ਵਾਰ ਯੂਰਪ ਨੇੜਲੇ ਅਰਮੀਨੀਆ ਮੁਲਕ ਵਿੱਚ ਕੁਝ ਸਮਾਂ ਨੌਕਰੀ ਕਰਕੇ ਘਰ ਪਰਤਿਆ ਸੀ ਅਤੇ ਹੁਣ ਉਹ 30 ਜੁਲਾਈ ਨੂੰ ਇੱਕ ਵਾਰ ਫਿਰ ਅਰਮੀਨੀਆ ਜਾਣ ਲਈ ਘਰੋਂ ਨਿਕਲਿਆ ਸੀ।
ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਦਿੱਲੀ ਤੋਂ ਆਪਣਾ ਪਾਸਪੋਰਟ ਲੈ ਕੇ ਚੇਨਈ ਵੱਲ ਨੂੰ ਰੇਲ ਦਾ ਸਫਰ ਸ਼ੁਰੂ ਕੀਤਾ ਸੀ । ਇਸ ਦੌਰਾਨ ਜਿਵੇਂ ਸ਼ਹਿਰ ਵਿਜੇਵਾੜਾ ਨੇੜੇ ਖੰਮਮ ਕਸਬੇ ਨੇੇੜੇ ਪਹੁੰਚਿਆ ਉਸਦੀ ਮੌਤ ਹੋ ਗਈ। ਤੇਲੰਗਾਨਾ ਦੇ ਪੰਜਾਬੀ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੁੂੰ ਇਸ ਮੌਤ ਦੀ ਖ਼ਬਰ ਦਿੱਤੀ। ਪਰ ਮੌਤ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਪਤਾ ਲੱਗ ਸਕਿਆ।
ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ, ਮ੍ਰਿਤਕ ਦੇ ਮਾਮਾ ਦਲਵਿੰਦਰ ਸਿੰਘ ਅਤੇ ਕਿਸਾਨ ਆਗੂ ਸੁਖਵਿੰਦਰ ਸਿੰਘ ਮੁੱਲਾਂਵਾਲ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ।ਪੰਜਾਬ ਸਰਕਾਰ ਪਲਵਿੰਦਰ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਪਰਿਵਾਰ ਦਾ ਸਹਿਯੋਗ ਕਰੇ।