ਜੰਡਿਆਲਾ ਗੁਰੂ ਵਿੱਚ ਪੰਸਾਰੀ ਦੀ ਦੁਕਾਨ ’ਤੇ ਗੋਲੀਆਂ ਚੱਲੀਆਂ
ਸਥਾਨਕ ਬਾਜ਼ਾਰ ਕਸ਼ਮੀਰੀਆਂ ਵਿੱਚ ਇੱਕ ਪੰਸਾਰੀ ਦੀ ਦੁਕਾਨ ਉੱਪਰ ਅਣਪਛਾਤੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਦੁਕਾਨ ਦੇ ਬਾਹਰ ਲੱਗਾ ਹੋਇਆ ਸ਼ੀਸ਼ਾ ਟੁੱਟ ਗਿਆ ਪਰ ਇਸ ਗੋਲੀਬਾਰੀ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਪੰਸਾਰੀ ਦੀ ਦੁਕਾਨ ਦੇ ਮਾਲਕ ਕਿਰਨਪਾਲ ਸਿੰਘ ਉਰਫ ਗੋਵਿੰਦ ਨੇ ਦੱਸਿਆ ਬੀਤੀ ਸ਼ਾਮ ਕਰੀਬ 7.30 ਵਜੇ ਉਹ ਆਪਣੀ ਦੁਕਾਨ ਦੇ ਅੰਦਰ ਬੈਠੇ ਹੋਏ ਸਨ, ਪਰ ਅਚਾਨਕ ਬਾਹਰੋਂ ਉਨ੍ਹਾਂ ਦੀ ਦੁਕਾਨ ਉੱਪਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਉਨ੍ਹਾਂ ਦੀ ਦੁਕਾਨ ਦੇ ਬਾਹਰ ਲੱਗਾ ਵੱਡਾ ਸ਼ੀਸ਼ਾ ਟੁੱਟ ਕੇ ਚਕਨਾਚੂਰ ਹੋ ਗਿਆ। ਗੋਵਿੰਦ ਨੇ ਕਿਹਾ ਕਿ ਗੋਲੀਬਾਰੀ ਦੌਰਾਨ ਉਨ੍ਹਾਂ ਨੇ ਵੀ ਆਪਣੇ ਲਾਇਸੈਂਸੀ ਪਿਸਤੌਲ ਨਾਲ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ਜਿਸ ਕਾਰਨ ਹਮਲਾਵਰ ਮੌਕੇ ਤੋਂ ਭੱਜ ਗਏ। ਪੀੜਤ ਦੁਕਾਨਦਾਰ ਗੋਵਿੰਦ ਨੇ ਕਿਹਾ, ਉਸ ਨੂੰ ਪਿਛਲੇ ਕਈ ਦਿਨਾਂ ਤੋਂ ਅਣਜਾਣ ਨੰਬਰਾਂ ਤੋਂ ਫਿਰੌਤੀ ਲਈ ਧਮਕੀਆਂ ਦੇ ਫੋਨ ਆ ਰਹੇ ਹਨ। ਫੋਨ ਕਰਨ ਵਾਲਿਆਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ 50 ਲੱਖ ਰੁਪਏ ਦੀ ਫਿਰੌਤੀ ਨਾ ਦਿੱਤੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਉਨ੍ਹਾਂ ਦੱਸਿਆ ਇਸ ਸਬੰਧੀ ਉਨ੍ਹਾਂ ਨੇ ਪਹਿਲਾਂ ਹੀ ਡੀਐਸਪੀ ਜੰਡਿਆਲਾ ਗੁਰੂ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਅੱਗੇ ਕਿਹਾ ਪੁਲੀਸ ਦੀ ਲਾਪ੍ਰਵਾਹੀ ਕਾਰਨ ਇਹ ਘਟਨਾ ਵਾਪਰੀ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਚੌਂਕੀ ਇੰਚਾਰਜ ਰਾਜਿੰਦਰ ਪਾਲ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਆਲੇ ਦੁਆਲੇ ਦੇ ਇਲਾਕੇ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ, "ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਦੋ ਗੋਲੀਆਂ ਚਲਾਈਆਂ। ਦੁਕਾਨਦਾਰ ਨੇ ਆਪਣੇ ਬਚਾਅ ਲਈ ਗੋਲੀ ਚਲਾਈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।"
ਇਸ ਦੌਰਾਨ, ਜਦੋਂ ਪੱਤਰਕਾਰਾਂ ਨੇ ਜੰਡਿਆਲਾ ਗੁਰੂ ਪੁਲੀਸ ਚੌਕੀ ਇੰਚਾਰਜ ਨਾਲ ਘਟਨਾ ਬਾਰੇ ਗੱਲ ਕੀਤੀ, ਤਾਂ ਉਨ੍ਹਾਂ ਕਿਹਾ, "ਉਸ ਨੂੰ ਅਜਿਹੀ ਕਿਸੇ ਵੀ ਧਮਕੀ ਜਾਂ ਫਿਰੌਤੀ ਦੀ ਮੰਗ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਜੇਕਰ ਉਨ੍ਹਾਂ ਨੂੰ ਪਤਾ ਹੁੰਦਾ, ਤਾਂ ਉਹ ਤੁਰੰਤ ਕਾਰਵਾਈ ਕਰਦੇ।"
ਸਥਾਨਕ ਨਿਵਾਸੀਆਂ ਨੇ ਕਿਹਾ ਕੁਝ ਸਮੇਂ ਤੋਂ ਅਪਰਾਧੀਆਂ ਦੇ ਹੌਸਲੇ ਬੁਲੰਦ ਹੋਏ ਹਨ, ਜਿਸ ਕਾਰਨ ਸਥਾਨਕ ਨਿਵਾਸੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਨਤਾ ਨੇ ਮੰਗ ਕੀਤੀ ਕਿ ਪੁਲੀਸ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਸਖ਼ਤ ਕਾਰਵਾਈ ਕਰੇ।
