ਪੁਲੀਸ ਮੁਕਾਬਲੇ ’ਚ ਗੈਂਗਸਟਰ ਪ੍ਰਭ ਦਾਸੂਵਾਲ ਦਾ ਸਾਥੀ ਜ਼ਖ਼ਮੀ
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਰਨਤਾਰਨ ਦੇ ਮੁਹੱਲਾ ਨਾਨਕਸਰ ਦੇ ਰਹਿਣ ਵਾਲੇ ਰਵੀ ਅਤੇ ਜੋਬਨ ਸਿੰਘ ਨੂੰ ਹਾਲ ਹੀ ਵਿੱਚ ਬੀ ਡਿਵੀਜ਼ਨ ਪੁਲੀਸ ਸਟੇਸ਼ਨ ਖੇਤਰ ਵਿੱਚ ਇੱਕ ਵਪਾਰੀ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਰਿਪੋਰਟ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਰਵੀ ਨੂੰ ਅੱਜ ਗੋਲੀਬਾਰੀ ਦੀ ਘਟਨਾ ਵਿੱਚ ਵਰਤੀ ਗਈ .30 ਬੋਰ ਦੀ ਪਿਸਤੌਲ ਬਰਾਮਦ ਕਰਨ ਵਾਸਤੇ ਨਿਊ ਅੰਮ੍ਰਿਤਸਰ ਖੇਤਰ ਵਿੱਚ ਇੱਕ ਸੁੰਨਸਾਨ ਜਗ੍ਹਾ ’ਤੇ ਲਿਜਾਇਆ ਗਿਆ ਸੀ, ਜਿੱਥੇ ਉਹ ਕਥਿਤ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰਵੀ ਆਪਣੀ ਹੀ ਪਿਸਤੌਲ ਨਾਲ ਚੱਲੀ ਗੋਲੀ, ਜੋ ਉਸ ਦੀ ਲੱਤ ਵਿੱਚ ਲੱਗੀ, ਨਾਲ ਜ਼ਖ਼ਮੀ ਹੋਇਆ ਹੈ। ਪਿਸਤੌਲ ਬਰਾਮਦ ਕਰਨ ਤੋਂ ਬਾਅਦ ਜਦੋਂ ਉਸ ਨੇ ਪੁਲੀਸ ਪਾਰਟੀ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਉੱਥੇ ਮੌਜੂਦ ਪੁਲੀਸ ਕਰਮੀਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਝੜਪ ਦੌਰਾਨ ਇੱਕ ਗੋਲੀ ਚੱਲੀ, ਜੋ ਉਸ ਦੀ ਆਪਣੀ ਲੱਤ ਵਿੱਚ ਲੱਗੀ। ਇਹ ਪਿਸਤੌਲ ਬਾਅਦ ਵਿੱਚ ਜ਼ਬਤ ਕਰ ਲਈ ਗਈ।
ਵੇਰਵੇ ਸਾਂਝੇ ਕਰਦਿਆਂ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਰਵੀ ਅਤੇ ਜੋਬਨ ਨੇ ਹਾਲ ਹੀ ਵਿੱਚ ਥਾਣਾ ਬੀ ਡਿਵੀਜ਼ਨ ਦੇ ਖੇਤਰ ਵਿੱਚ ਇੱਕ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ। ਇਹ ਮਾਮਲਾ ਫਿਰੌਤੀ ਨਾਲ ਸਬੰਧਿਤ ਸੀ ਪਰ ਇਸ ਮਾਮਲੇ ਸਬੰਧੀ ਪੀੜਤ ਵਪਾਰੀ ਨੇ ਪੁਲੀਸ ਕੋਲ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਇਸ ਸਬੰਧੀ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮਾਂ ਬਾਰੇ ਸੁਰਾਗ ਲੱਭਣ ਲਈ ਸੀਸੀਟੀਵੀ ਫੁਟੇਜ਼ ਖੰਘਾਲਣ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ ਪੜਤਾਲ ਕੀਤੀ।
ਜਾਂਚ ਦੌਰਾਨ ਪੁਲੀਸ ਨੇ ਦੋਵਾਂ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਰਵੀ ਜੋ ਕਿ ਖੱਬੇ ਹੱਥ ਦੀ ਵਰਤੋਂ ਕਰਦਾ ਹੈ, ਨੇ ਵਪਾਰੀ ਦੇ ਘਰ ’ਤੇ ਗੋਲੀਬਾਰੀ ਕੀਤੀ ਸੀ, ਜਦੋਂ ਕਿ ਜੋਬਨ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਲੁਕਣ ਅਤੇ ਭੱਜਣ ਵਿੱਚ ਮਦਦ ਕੀਤੀ ਅਤੇ ਬਦਲਣ ਲਈ ਕੱਪੜੇ ਮੁਹੱਈਆ ਕਰਵਾਏ ਸਨ। ਅੰਦਰਲੀਆਂ ਗਲੀਆਂ ਰਾਹੀਂ ਉਹ ਤਰਨਤਾਰਨ ਵੱਲ ਭੱਜ ਗਏ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਪ੍ਰਭ ਦਾਸੂਵਾਲ ਦੇ ਇਸ਼ਾਰੇ ’ਤੇ ਵਪਾਰੀ ਦੇ ਘਰ ਦੇ ਬਾਹਰ ਫਿਰੌਤੀ ਲਈ ਗੋਲੀਬਾਰੀ ਕੀਤੀ ਸੀ।