ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਰਜਾਈ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਆਸਟਰੇਲੀਆ ਭੱਜਣ ਦੀ ਫ਼ਿਰਾਕ ’ਚ ਸੀ ਲਵਜੀਤ ਕੌਰ; ਪੁਲੀਸ ਨੇ ਲੁਕ ਆਊਟ ਸਰਕੁਲਰ ਦੇ ਅਧਾਰ ’ਤੇ ਗ੍ਰਿਫ਼ਤਾਰ ਕਰਕੇ ਬਟਾਲਾ ਪੁਲੀਸ ਹਵਾਲੇ ਕੀਤਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਜੁਲਾਈ
ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਰਜਾਈ ਲਵਜੀਤ ਕੌਰ ਨੂੰ ਸੋਮਵਾਰ ਦੇਰ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਲਵਜੀਤ ਕੌਰ ਆਸਟਰੇਲੀਆ ਭੱਜਣ ਦੀ ਫ਼ਿਰਾਕ ਵਿਚ ਸੀ। ਗੈਂਗਸਟਰ ਜੱਗੂ ਭਗਵਾਨਪੁਰੀਆ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।
ਸੂਤਰਾਂ ਮੁਤਾਬਕ ਲਵਜੀਤ ਕੌਰ ਹਾਲ ਹੀ ਵਿਚ ਆਪਣੀ ਸੱਸ ਹਰਜੀਤ ਕੌਰ ਦੇ ਭੋਗ ਨੂੰ ਲੈ ਕੇ ਬਟਾਲਾ ਆਈ ਸੀ। ਬਟਾਲਾ ਪੁਲੀਸ ਨੇ ਪਿਛਲੇ ਦਿਨੀਂ ਕੌਰ ਨੂੰ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਰਾ ਬਰਿਆਰ ਦੇ ਕਤਲ ਕੇਸ ਵਿਚ ਨਾਮਜ਼ਦ ਕੀਤਾ ਸੀ।
ਲਵਜੀਤ ਕੌਰ ਖਿਲਾਫ਼ ਕੇਸ ਪਹਿਲਾਂ ਹੀ ਦਰਜ ਸੀ ਤੇ ਉਸ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਉਸ ਖਿਲਾਫ਼ ਲੁਕਆਊਟ ਸਰਕੁਲਰ ਵੀ ਜਾਰੀ ਕੀਤਾ ਹੋਇਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਇਕ ਹੋਰ ਰਿਸ਼ਤੇਦਾਰ ਕਰਮਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਲਵਜੀਤ ਕੌਰ ਸੋਮਵਾਰ ਰਾਤ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੀ ਅਤੇ ਆਸਟਰੇਲੀਆ ਜਾਣ ਵਾਲੀ ਉਡਾਣ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਹਵਾਈ ਅੱਡੇ ਦੇ ਚੌਕਸ ਅਧਿਕਾਰੀਆਂ ਨੇ ਐਲਓਸੀ ਦੇ ਆਧਾਰ ’ਤੇ ਉਸ ਦੀ ਪਛਾਣ ਕੀਤੀ ਅਤੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬਟਾਲਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪੁਲੀਸ ਹਾਲ ਹੀ ਵਿੱਚ ਹੋਏ ਕਤਲਾਂ ਵਿੱਚ ਉਸ ਦੀ ਸੰਭਾਵੀ ਭੂਮਿਕਾ ਅਤੇ ਹੋਰ ਮੁਲਜ਼ਮਾਂ ਨਾਲ ਉਸ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਧਿਕਾਰੀਆਂ ਜਲਦੀ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਜਾਂਚ ਲਈ ਰਿਮਾਂਡ ਦੀ ਮੰਗ ਕਰਨਗੇ।