ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਬਜੀਤ ਕੌਰ ਦੀ ‘ਗ੍ਰਿਫ਼ਤਾਰੀ’ ਲਈ ਲਾਹੌਰ ਹਾਈ ਕੋਰਟ ਪੁੱਜਾ ਸਾਬਕਾ ਸਿੱਖ ਵਿਧਾਇਕ

ਪਟੀਸ਼ਨ ਵਿਚ ਸਰਬਜੀਤ ਕੌਰ ਉਰਫ ਨੂਰ ਨੂੰ ਭਾਰਤੀ ਜਾਸੂਸ ਦੱਸਿਆ; ਭਾਰਤ ਡਿਪੋਰਟ ਕਰਨ ਦੀ ਵੀ ਕੀਤੀ ਮੰਗ
Advertisement

'Arrest and deportation' Indian Sikh woman ਪਾਕਿਸਤਾਨ ਦੇ ਸਾਬਕਾ ਸਿੱਖ ਵਿਧਾਇਕ ਨੇ ਬੁੱਧਵਾਰ ਨੂੰ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਸਥਾਨਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਨ ਵਾਲੀ ਭਾਰਤੀ ਸਿੱਖ ਔਰਤ ਨੂੰ ‘ਗ੍ਰਿਫਤਾਰ’ ਕਰਨ ਤੇ ‘ਵਾਪਸ ਭੇਜਣ’ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ 48 ਸਾਲਾ ਸਰਬਜੀਤ ਕੌਰ ਪਾਕਿਸਤਾਨ ਪਹੁੰਚਣ ਮਗਰੋਂ ਗਾਇਬ ਹੋ ਗਈ ਸੀ ਅਤੇ ਉਹ ਸੰਭਾਵੀ ਤੌਰ ’ਤੇ ਇੱਕ ‘ਜਾਸੂਸ’ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤੀ ਸਿੱਖ ਮਹਿਲਾ ਦੇ ਅਪਰਾਧਿਕ ਰਿਕਾਰਡ ਦੇ ਬਾਵਜੂਦ, ਭਾਰਤ ਸਰਕਾਰ ਨੇ ਉਸ ਨੂੰ ਮਨਜ਼ੂਰੀ ਦਿੱਤੀ।

ਮਹਿੰਦਰ ਸਿੰਘ ਨੇ ਕਿਹਾ, ‘‘ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਪਾਕਿਸਤਾਨ ਵਿੱਚ ਰਹਿਣਾ ਗੈਰ-ਕਾਨੂੰਨੀ ਹੈ ਕਿਉਂਕਿ ਇਹ ਮਾਮਲਾ ਪਾਕਿਸਤਾਨ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।’’ ਸਿੰਘ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕੌਰ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਨੂੰ ਵਾਪਸ ਭਾਰਤ ਭੇਜੇ ਜਾਣ ਦਾ ਹੁਕਮ ਦੇਵੇ। ਚੇਤੇ ਰਹੇ ਕਿ ਕੌਰ ਉਨ੍ਹਾਂ 2,000 ਸਿੱਖ ਸ਼ਰਧਾਲੂਆਂ ਵਿੱਚ ਸ਼ਾਮਲ ਸੀ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਭਾਰਤ ਤੋਂ ਵਾਹਗਾ ਸਰਹੱਦ ਰਸਤੇ ਲਾਹੌਰ ਵਿੱਚ ਗੁਰਦੁਆਰਾ ਜਨਮ ਸਥਾਨ, ਨਨਕਾਣਾ ਸਾਹਿਬ ਵਿਖੇ ਆਏ ਸਨ।

Advertisement

ਭਾਰਤੀ ਜਥੇ ਵਿਚ ਸ਼ਾਮਲ ਸਿੱਖ ਤੇ ਹੋਰ ਬੀਬੀਆਂ 13 ਨਵੰਬਰ ਨੂੰ ਆਪਣੇ ਦੇਸ਼ ਵਾਪਸ ਪਰਤ ਆਏ, ਪਰ ਕੌਰ ਲਾਪਤਾ ਹੋ ਗਈ ਸੀ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਸ ਨੇ 4 ਨਵੰਬਰ ਨੂੰ ਪਹੁੰਚਣ ਤੋਂ ਇੱਕ ਦਿਨ ਬਾਅਦ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਸ਼ੇਖੂਪੁਰਾ ਜ਼ਿਲ੍ਹੇ ਦੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ। ਜਦੋਂ ਸ਼ਰਧਾਲੂ ਉਸੇ ਦਿਨ ਨਨਕਾਣਾ ਸਾਹਿਬ ਪੁੱਜੇ, ਤਾਂ ਕੌਰ ਜਥੇ ਨੂੰ ਛੱਡ ਕੇ ਹੁਸੈਨ ਦੇ ਨਾਲ ਸ਼ੇਖੂਪੁਰਾ ਪਹੁੰਚ ਗਈ।

ਕੌਰ ਅਤੇ ਹੁਸੈਨ ਨੇ ਪਿਛਲੇ ਹਫ਼ਤੇ ਲਾਹੌਰ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੁਲੀਸ ਨੇ ਸ਼ੇਖੂਪੁਰਾ ਦੇ ਫਾਰੂਖਾਬਾਦ ਵਿੱਚ ਉਨ੍ਹਾਂ ਦੇ ਘਰ ’ਤੇ ਛਾਪਾ ਮਾਰਿਆ ਅਤੇ ਉਨ੍ਹਾਂ ’ਤੇ ਨਿਕਾਹ ਖਤਮ ਕਰਨ ਲਈ ਦਬਾਅ ਪਾਇਆ। ਲਾਹੌਰ ਹਾਈ ਕੋਰਟ ਦੇ ਜਸਟਿਸ ਫਾਰੂਖ ਹੈਦਰ ਨੇ ਪੁਲੀਸ ਨੂੰ ਹੁਕਮ ਕੀਤਾ ਕਿ ਉਹ ਪਟੀਸ਼ਨਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ। ਕੌਰ ਨੇ ਪਟੀਸ਼ਨ ਵਿੱਚ ਕਿਹਾ ਕਿ ਇੱਕ ਪੁਲੀਸ ਅਧਿਕਾਰੀ ਨੇ ਜੋੜੇ ਨੂੰ ਬੇਲੋੜਾ ਤੰਗ ਪ੍ਰੇਸ਼ਾਨ ਕੀਤਾ ਅਤੇ ਉਨ੍ਹਾਂ ਨੂੰ ਨਿਕਾਹ ਤੋੜਨ ਲਈ ਮਜਬੂਰ ਕੀਤਾ।

ਸਰਬਜੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਪਾਕਿਸਤਾਨ ਦਾ ਨਾਗਰਿਕ ਹੈ ਅਤੇ ਉਸ ਨੇ ਆਪਣਾ ਵੀਜ਼ਾ ਵਧਾਉਣ ਅਤੇ ਪਾਕਿਸਤਾਨੀ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਥੇ ਦੂਤਾਵਾਸ ਨਾਲ ਸੰਪਰਕ ਕੀਤਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵੀਡੀਓ ਕਲਿੱਪ ਵਿੱਚ ਉਸ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਰਾਹੀਂ ਪਿਛਲੇ ਨੌਂ ਸਾਲਾਂ ਤੋਂ ਨਾਸਿਰ ਹੁਸੈਨ ਨੂੰ ਜਾਣਦੀ ਹੈ। ਕੌਰ ਨੇ ਕਿਹਾ, ‘‘ਮੈਂ ਤਲਾਕਸ਼ੁਦਾ ਹਾਂ ਅਤੇ ਹੁਸੈਨ ਨਾਲ ਵਿਆਹ ਕਰਨਾ ਚਾਹੁੰਦੀ ਸੀ; ਇਸ ਲਈ, ਮੈਂ ਇੱਥੇ ਇਸ ਉਦੇਸ਼ ਲਈ ਆਈ ਹਾਂ।’’ ਨਿਕਾਹ ਤੋਂ ਪਹਿਲਾਂ ਕੌਰ ਨੂੰ ਇੱਕ ਮੁਸਲਿਮ ਨਾਮ ਨੂਰ ਦਿੱਤਾ ਗਿਆ ਸੀ।

Advertisement
Tags :
'Arrest and deportation' Indian Sikh woman#LahoreHighCourt#SikhWoman#VisaExtension#ਸਿੱਖ ਔਰਤ#ਲਾਹੌਰ ਹਾਈ ਕੋਰਟ#ਵੀਜ਼ਾ ਐਕਸਟੈਂਸ਼ਨGuruNanakBirthAnniversaryIndianSikhMarriageControversyNationalSecurityPakistanPakistaniHusbandSarabjeetKaurਸਰਬਜੀਤ ਕੌਰਗੁਰੂ ਨਾਨਕ ਜਨਮ ਵਰ੍ਹੇਗੰਢਪਾਕਿਸਤਾਨ:ਪਾਕਿਸਤਾਨੀ ਪਤੀਭਾਰਤੀ ਸਿੱਖਰਾਸ਼ਟਰੀ ਸੁਰੱਖਿਆਵਿਆਹ ਵਿਵਾਦ
Show comments