ਫਲੋਰਿਡਾ ਹਾਦਸਾ: ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ 2.6 ਮਿਲੀਅਨ ਤੋਂ ਵੱਧ ਲੋਕਾਂ ਨੇ ਪਟੀਸ਼ਨ ’ਤੇ ਦਸਤਖ਼ਤ ਕੀਤੇ
ਫਲੋਰਿਡਾ ਵਿੱਚ ਇੱਕ ਘਾਤਕ ਹਾਦਸੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ ਨਿਰਪੱਖ ਸਜ਼ਾ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਭਾਰੀ ਹੁੰਗਾਰਾ ਮਿਲਿਆ ਹੈ, ਜਿਸ 'ਤੇ ਕੁਝ ਹੀ ਦਿਨਾਂ ਵਿੱਚ 2.6 ਮਿਲੀਅਨ ਤੋਂ ਵੱਧ ਪ੍ਰਮਾਣਿਤ ਦਸਤਖਤ ਹੋ ਚੁੱਕੇ ਹਨ।
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰਤੌਲ ਦੇ ਮੂਲ ਨਿਵਾਸੀ 28 ਸਾਲਾ ਹਰਜਿੰਦਰ ਸਿੰਘ ਨੂੰ ਫਲੋਰਿਡਾ ਵਿੱਚ 12 ਅਗਸਤ ਨੂੰ ਇੱਕ ਹਾਦਸੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਯੂ-ਟਰਨ ਲੈਣ ਦਾ ਦੋਸ਼ ਹੈ, ਜਿਸ ਕਾਰਨ ਇੱਕ ਕਾਰ ਟ੍ਰੇਲਰ ਨਾਲ ਟਕਰਾ ਗਈ ਅਤੇ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਥਿਤ ਤੌਰ ’ਤੇ ਹਰਜਿੰਦਰ 2018 ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ ਅਤੇ ਬਾਅਦ ਵਿੱਚ ਉਸ ਨੇ ਕੈਲੀਫੋਰਨੀਆ ਵਿੱਚ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਪ੍ਰਾਪਤ ਕੀਤਾ ਸੀ।
ਫਲੋਰਿਡਾ ਦੇ ਗਵਰਨਰ ਰੋਨ ਡੀਸੈਂਟਿਸ ਨੂੰ ਸੰਬੋਧਿਤ ਕੀਤੀ ਗਈ ਇਸ ਆਨਲਾਈਨ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਾਦਸਾ ਜਾਣਬੁੱਝ ਕੇ ਨਹੀਂ ਸੀ ਅਤੇ ਸੰਭਾਵਿਤ ਸਜ਼ਾ ਨੂੰ ਅਣਮਨੁੱਖੀ ਕਿਹਾ ਗਿਆ ਹੈ। ਇਸ ਵਿਚ ਸਮਰਥਕ ਅਧਿਕਾਰੀਆਂ ਨੂੰ ਨਰਮੀ, ਪੈਰੋਲ ਦੀ ਯੋਗਤਾ, ਜਾਂ ਕਮਿਊਨਿਟੀ ਸੇਵਾ ਵਰਗੇ ਵਿਕਲਪਾਂ 'ਤੇ ਵਿਚਾਰ ਕਰਨ ਦੀ ਅਪੀਲ ਕਰ ਰਹੇ ਹਨ।
ਰਾਜਨੀਤਿਕ ਆਗੂਆਂ ਖਾਸ ਤੌਰ 'ਤੇ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਕਮਿਊਨਿਟੀ ਸਮੂਹਾਂ ਨੇ ਨਿਰਪੱਖ ਮੁਕੱਦਮੇ ਦੀ ਮੰਗ ਕੀਤੀ ਹੈ। ਉਸ ਦੇ ਜੱਦੀ ਪਿੰਡ ਰਤੌਲ ਵਿੱਚ ਉਸ ਦੇ ਰਿਸ਼ਤੇਦਾਰ ਵੀ ਇਸ ਮਾਮਲੇ ਵਿੱਚ ਨਿਰਪੱਖ ਸਜ਼ਾ ਦੀ ਮੰਗ ਕਰ ਰਹੇ ਹਨ।