ਕੁਦਰਤ ਦੀ ਮਾਰ: ਕਿਸਾਨਾਂ ਦੀਆਂ ਫਸਲਾਂ ਦਾ ਦੋ ਮਹੀਨਿਆਂ ’ਚ ਦੂਜੀ ਵਾਰ ਨੁਕਸਾਨ
ਇਲਾਕੇ ਦੇ ਪਿੰਡ ਸੂਰਵਿੰਡ, ਭੈਣੀ ਗੁਰਮੁੱਖ ਸਿੰਘ ਤੇ ਬੂੜਚੰਦ ਦੇ ਕਿਸਾਨਾਂ ਦੇ ਖੇਤਾਂ ਵਿੱਚ ਦੋ ਮਹੀਨੇ ਦੇ ਅੰਦਰ ਫਿਰ ਤੋਂ ਪਾਣੀ ਖੜ੍ਹ ਜਾਣ ਕਰਕੇ ਕਿਸਾਨਾਂ ਦੀ 300 ਏਕੜ ਫਸਲ ਦੇ ਨਸ਼ਟ ਹੋ ਜਾਣ ਦਾ ਖ਼ਤਰਾ ਬਣ ਗਿਆ ਹੈ| ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਇਸ ਸਮੱਸਿਆ ਦਾ ਮੁਕਾਬਲਾ ਬੀਤੇ ਕਈ ਦਹਾਕਿਆਂ ਤੋਂ ਕਰਨਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਦੋ ਮਹੀਨੇ ਪਹਿਲਾਂ ਝੋਨਾ ਲਗਾਇਆ ਸੀ ਜਿਹੜਾ ਉਸ ਵੇਲੇ ਬਾਰਸ਼ ਦਾ ਪਾਣੀ ਖੜ੍ਹਾ ਹੋਣ ਜਾਣ ਤੇ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਜਿਸ ਕਰਕੇ ਉਨ੍ਹਾਂ ਨੇ ਬਾਸਮਤੀ ਲਗਾਈ ਜਿਸ ਵਿੱਚ ਫਿਰ ਤੋਂ ਪਾਣੀ ਭਰ ਗਿਆ ਹੈ|
ਕਿਸਾਨ ਆਗੂ ਨਛੱਤਰ ਸਿੰਘ ਨੇ ਕਿਹਾ ਕਿ ਜਥੇਬੰਦੀ ਵਲੋਂ ਅੱਠ ਸਾਲ ਪਹਿਲਾਂ ਯਤਨ ਕਰਨ ’ਤੇ ਇਨ੍ਹਾਂ ਪਿੰਡਾਂ ਦੇ ਪਾਣੀ ਦੀ ਨਿਕਾਸੀ ਨੇੜੇ ਦੀ ਡਰੇਨ ਵਿੱਚ ਕਰਵਾਉਣ ਲਈ ਡਰੇਨੇਜ਼ ਵਿਭਾਗ ਤੋਂ ਇਕ ਪ੍ਰੋਪੋਜ਼ਲ ਤਿਆਰ ਕਰਵਾ ਕੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਸੀ ਜਿਸ ਨੂੰ ਅੱਜ ਤੱਕ ਵੀ ਲਾਗੂ ਨਹੀਂ ਕੀਤਾ ਗਿਆ ਅਤੇ ਕਿਸਾਨਾਂ ਨੂੰ ਇਕ ਸਾਲ ਵਿੱਚ ਦੋ-ਦੋ ਵਾਰ ਨੁਕਸਾਨ ਉਠਾਉਣਾ ਪੈ ਰਿਹਾ ਹੈ| ਨਛੱਤਰ ਸਿੰਘ ਨੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਦੇ ਕਿਸਾਨ ਸਵਰਨ ਸਿੰਘ ਫੌਜੀ, ਗੁਰਬਖਸ਼ ਸਿੰਘ. ਕਸ਼ਮੀਰ ਸਿੰਘ, ਗੁਰਚੇਤ ਸਿੰਘ ਸ਼ਾਹ, ਸੁਰਜੀਤ ਸਿੰਘ ਨੰਬਰਦਾਰ, ਸਤਨਾਮ ਸਿੰਘ ਸਾਬਕ ਸਰਪੰਚ, ਸੁਖਦੇਵ ਸਿੰਘ ਬੂੜਚੰਦ ਆਦਿ ਤੇ ਅਧਾਰਿਤ ਕਿਸਾਨਾਂ ਦਾ ਇਕ ਵਫਦ ਭਲਕੇ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਕਿਸਾਨਾਂ ਦੀ ਸਮੱਸਿਆ ਦੇ ਨਿਪਟਾਰੇ ਦੀ ਮੰਗ ਕਰੇਗਾ|