ਕੰਡਿਆਲੀ ਤਾਰ ਪਾਰਲੇ ਕਾਸ਼ਤਕਾਰ ਹੜ੍ਹ ਪੀੜਤਾਂ ਨੂੰ ਮਿਲੇਗਾ ਮੁਆਵਜ਼ਾ
ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਦੇ ਮਾਲਕਾਂ ਤੇ ਠੇਕੇ ’ਤੇ ਖੇਤੀ ਕਰਦੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ।
ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਸਾਰ ਲੈਣ ਲਈ ਅੱਜ ਹਲਕੇ ਦੇ ਪਿੰਡ ਮਾਝੀਮੀਆਂ ‘ਦਾ ਉਚੇਚਾ ਦੌਰਾ ਕਰਕੇ ਧਾਲੀਵਾਲ ਨੇ ਪੀੜਤਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹੜ੍ਹਾਂ ਕਾਰਨ ਮਾਰੀ ਗਈ ਝੋਨੇ ਦੀ ਫਸਲ ਦਾ ਮੁਆਵਜ਼ਾ ਪੰਜਾਬ ਸਰਕਾਰ ਕੋਲੋਂ ਦਿਵਾਉਣ ਦਾ ਭਰੋਸਾ ਦਿੱਤਾ। ਸ. ਧਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ‘ਚ ਕੌਮਾਂਤਰੀ ਸਰਹੱਦੀ ਪਿੰਡ ਮਾਝੀਮੀਆਂ ਤੋਂ ਪਿੰਡ ਕੱਸੋਵਾਲ ਤੱਕ ਲੱਗੀ ਕੰਡਿਆਲੀ ਤਾਰ ਤੋਂ ਪਾਰ ਅਤੇ ਰਾਵੀ ਦਰਿਆ ਤੋਂ ਪਾਰ ਕਰੀਬ 5 ਹਜ਼ਾਰ ਏਕੜ ਰਕਬੇ ‘ਚ ਮਾਲਕੀ ਅਤੇ ਠੇਕੇ ਤੇ ਲੈ ਕੇ ਖੇਤੀ ਕੀਤੀ ਜਾਂਦੀ ਹੈ। ਤੇ ਕੰਡਿਆਲੀ ਤਾਰ ਤੋਂ ਪਾਰ ਅਕਸਰ ਪੈਦਾ ਹੁੰਦੀਆਂ ਅਣਸੁਖਾਵੀਆਂ ਪ੍ਰਸਥਿਤੀਆਂ ’ਚ ਬੀਐਸਐਫ ਵਲੋਂ ਇਕੋ ਇਕ ਝੋਨੇ ਤੇ ਬਾਸਮਤੀ ਦੀ ਬਿਜਾਈ ਕਰਨ ਦੀ ਇਜਾਜਤ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਦੀ ਮਾਰ ’ਚ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ 20 ਹਜ਼ਾਰ ਰੁਪਏ ਪ੍ਰਤੀ ਏਕੜ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦੇ ਮਾਲਕਾਂ ਤੇ ਠੇਕੇ ’ਤੇ ਖੇਤੀ ਕਰਦੇ ਅੰਨ ਉਤਪਾਦਕਾਂ ਨੂੰ ਦਿਵਾਉਣ ਲਈ ਉਹ (ਧਾਲੀਵਾਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਮਾਮਲਾ ਉਠਾਉਣਗੇ ਅਤੇ ਪ੍ਰਭਾਵਿਤ ਕਿਸਾਨਾਂ ਤੇ ਅੰਨ ਉਤਪਾਦਕਾਂ ਨੂੰ ਮੁਆਵਜ਼ਾ ਦਿਵਾਉਣਾ ਯਕੀਨੀ ਬਣਾਉਣਗੇ। ਧਾਲੀਵਾਲ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸੁਰੱਖਿਆ ਕਾਰਣਾ ਦੇ ਮੱਦੇਨਜ਼ਰ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਸਿਰਫ ਇਕੋ ਫਸਲ ਝੋਨੇ ਦੀ ਬਿਜਾਈ ਲਈ ਦਿੱਤੀ ਗਈ ਇਜ਼ਾਜਤ ਦੇ ਮੱਦੇਨਜ਼ਰ ਹੋਰ ਫਸਲਾਂ ਬੀਜ਼ਣ ਦੀ ਮਨਾਹੀ ਹੈ, ਸਿੱਟੇ ਵੱਜੋਂ ਦਿੱਤੇ ਜਾਂਦੇ 10,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਨਾਲ ਇਨ੍ਹਾਂ ਕਿਸਾਨਾਂ ਵਲੋਂ ਆਪਣੇ ਪਰਿਵਾਰ ਦਾ ਅਤਿ ਦੀ ਮਹਿੰਗਾਈ ’ਚ ਪਾਲਣ ਪੋਸ਼ਣ ਕਰਨਾ ਦੂਰ ਦੀ ਕੌਡੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕੰਡਿਆਲੀ ਤਾਰ ਤੋਂ ਪਾਰਲੇ ਜ਼ਮੀਨ ਮਾਲਕਾਂ ਤੇ ਠੇਕੇ ਤੇ ਖੇਤੀ ਕਰਦੇ ਕਿਸਾਨਾਂ ਨੂੰ 30,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।